
ਬੀਤੇ ਮੰਗਲਵਾਰ ਫਿਲਸਤੀਨੀ ਇਸਲਾਮਿਕ ਸਮੂਹ ਵਲੋਂ ਰਾਕੇਟ ਹਮਲੇ ’ਚ ਮਾਰੇ ਗਏ ਲੋਕਾਂ ਵਿਚ ਸੌਮਿਆ ਵੀ ਸ਼ਾਮਲ ਸੀ।
ਨਵੀਂ ਦਿੱਲੀ - ਗਾਜ਼ਾ ਤੋਂ ਫਿਲਸਤੀਨ ਕੱਟੜਪੰਥੀਆਂ ਦੇ ਰਾਕੇਟ ਹਮਲੇ ’ਚ ਮਾਰੀ ਗਈ ਭਾਰਤੀ ਔਰਤ ਸੌਮਿਆ ਸੰਤੋਸ਼ ਦੀ ਮ੍ਰਿਤਕ ਦੇਹ ਸ਼ਨੀਵਾਰ ਭਾਰਤ ਪੁੱਜ ਗਈ ਹੈ। ਸੌਮਿਆ ਦੀ ਮ੍ਰਿਤਕ ਦੇਹ ਦਿੱਲੀ ਹਵਾਈ ਅੱਡੇ ਲਿਆਂਦੀ ਗਈ, ਜਿੱਥੇ ਕੇਂਦਰੀ ਵਿਦੇਸ਼ ਮੰਤਰੀ ਵੀ. ਮੁਰਲੀਧਰਨ ਅਤੇ ਇਜ਼ਰਾਈਲ ਦੇ ਉਪ ਰਾਜਦੂਤ ਰੌਨੀ ਯੇਦੀਡੀਆ ਕਲੀਨ ਨੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ।
Mortal remains of Kerala woman killed in rocket attack in Israel reaches India
ਸੌਮਿਆ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਹਾਜ਼ ਬੇਨ ਗੁਰੀਅਨ ਹਵਾਈ ਅੱਡੇ ਤੋਂ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਭਾਰਤ ਲਈ ਰਵਾਨਾ ਹੋਇਆ ਸੀ। ਜਹਾਜ਼ ਸ਼ਨੀਵਾਰ ਦੀ ਸਵੇਰ ਨੂੰ ਨਵੀਂ ਦਿੱਲੀ ਹਵਾਈ ਅੱਡੇ ’ਤੇ ਪਹੁੰਚਿਆ। ਓਧਰ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਸੌਮਿਆ ਦੀ ਮ੍ਰਿਤਕ ਦੇਹ ਨੂੰ ਇਜ਼ਰਾਈਲ ਤੋਂ ਨਵੀਂ ਦਿੱਲੀ ਹੁੰਦੇ ਹੋਏ ਕੇਰਲ ਲਿਆਂਦਾ ਜਾ ਰਿਹਾ ਹੈ। ਸੌਮਿਆ ਦੀ ਮ੍ਰਿਤਕ ਦੇਹ ਨੂੰ ਕੱਲ੍ਹ ਹੀ ਉਸ ਦੇ ਜੱਦੀ ਸਥਾਨ ਕੇਰਲ ਪਹੁੰਚਾਇਆ ਜਾਵੇਗਾ।
Mortal remains of Kerala woman killed in rocket attack in Israel reaches India
ਦੱਸ ਦਈਏ ਕਿ ਕੇਰਲ ਦੇ ਇਡੁਕੀ ਜ਼ਿਲ੍ਹੇ ਦੀ ਰਹਿਣ ਵਾਲੀ 30 ਸਾਲਾ ਭਾਰਤੀ ਮਹਿਲਾ ਸੌਮਿਆ ਸੰਤੋਸ਼ ਇਜ਼ਰਾਈਲ ਦੇ ਅਸ਼ਕਲੋਨ ਸ਼ਹਿਰ ’ਚ ਇਕ ਘਰ ਵਿਚ ਬਜ਼ੁਰਗ ਬੀਬੀ ਦੀ ਦੇਖਭਾਲ ਦਾ ਕੰਮ ਕਰਦੀ ਸੀ। ਬੀਤੇ ਮੰਗਲਵਾਰ ਫਿਲਸਤੀਨੀ ਇਸਲਾਮਿਕ ਸਮੂਹ ਵਲੋਂ ਰਾਕੇਟ ਹਮਲੇ ’ਚ ਮਾਰੇ ਗਏ ਲੋਕਾਂ ਵਿਚ ਸੌਮਿਆ ਵੀ ਸ਼ਾਮਲ ਸੀ।
ਇਜ਼ਰਾਈਲ ਦੇ ਅਸ਼ਕਲੋਨ ਸ਼ਹਿਰ ’ਚ ਰਹਿਣ ਵਾਲੀ ਸੌਮਿਆ ਸੰਤੋਸ਼ ਮੰਗਲਵਾਰ ਨੂੰ ਵੀਡੀਓ ਕਾਲ ਜ਼ਰੀਏ ਆਪਣੇ ਪਤੀ ਨਾਲ ਗੱਲ ਕਰ ਰਹੀ ਸੀ ਅਤੇ ਉਸ ਸਮੇਂ ਉਨ੍ਹਾਂ ਦੇ ਘਰ ’ਤੇ ਇਕ ਰਾਕੇਟ ਡਿੱਗਿਆ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਦੀ ਖ਼ਬਰ ਆ ਗਈ। ਉਸ ਦੇ ਪਰਿਵਾਰ ਮੁਤਾਬਕ ਉਹ ਪਿਛਲੇ 7 ਸਾਲਾਂ ਤੋਂ ਇਜ਼ਰਾਈਲ ਵਿਚ ਰਹਿ ਰਹੀ ਸੀ। ਉਸ ਦਾ ਪਤੀ ਅਤੇ 9 ਸਾਲ ਦਾ ਪੁੱਤਰ ਕੇਰਲ ’ਚ ਰਹਿੰਦਾ ਹੈ।