
ਸੰਯੁਕਤ ਰਾਸ਼ਟਰ ਨੇ ਕਰਨਲ (ਸੇਵਾਮੁਕਤ) ਵੈਭਵ ਅਨਿਲ ਕਾਲੇ ਦੀ ਮੌਤ ਲਈ ਭਾਰਤ ਤੋਂ ਮੁਆਫੀ ਮੰਗੀ
ਕਰਨਲ (ਸੇਵਾਮੁਕਤ) ਵੈਭਵ ਅਨਿਲ ਕਾਲੇ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ’ਚ ਹਰ ਸੰਭਵ ਮਦਦ ਪ੍ਰਦਾਨ ਕਰ ਰਿਹੈ ਸੰਯੁਕਤ ਰਾਸ਼ਟਰ ਅਤੇ ਇਜ਼ਰਾਈਲ ’ਚ ਸਥਿਤ ਭਾਰਤੀ ਸਫ਼ਾਰਤਖ਼ਾਨਾ
ਨਵੀਂ ਦਿੱਲੀ: ਭਾਰਤ ਨੇ ਬੁਧਵਾਰ ਨੂੰ ਕਿਹਾ ਕਿ ਉਹ ਗਾਜ਼ਾ ’ਚ ਸੰਯੁਕਤ ਰਾਸ਼ਟਰ ’ਚ ਕੰਮ ਕਰਨ ਵਾਲੇ ਭਾਰਤੀ ਨਾਗਰਿਕ ਕਰਨਲ (ਸੇਵਾਮੁਕਤ) ਵੈਭਵ ਅਨਿਲ ਕਾਲੇ ਦੀ ਮੌਤ ਤੋਂ ਬਹੁਤ ਦੁਖੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਿਊਯਾਰਕ ’ਚ ਸੰਯੁਕਤ ਰਾਸ਼ਟਰ ’ਚ ਭਾਰਤ ਦਾ ਸਥਾਈ ਮਿਸ਼ਨ ਅਤੇ ਤੇਲ ਅਵੀਵ ਅਤੇ ਰਾਮੱਲਾ ’ਚ ਉਸ ਦਾ ਸਫ਼ਾਰਤਖ਼ਾਨਾ ਕਾਲੇ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ’ਚ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹੈ। ਉਹ ਸੋਮਵਾਰ ਨੂੰ ਗਾਜ਼ਾ ਦੇ ਰਫਾਹ ਇਲਾਕੇ ਵਿਚ ਅਪਣੀ ਗੱਡੀ ’ਤੇ ਹੋਏ ਹਮਲੇ ਵਿਚ ਮਾਰੇ ਗਏ ਸਨ।
ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਸੁਰੱਖਿਆ ਵਿਭਾਗ (ਡੀ.ਐਸ.ਐਸ.) ਦੇ ਸੁਰੱਖਿਆ ਤਾਲਮੇਲ ਅਧਿਕਾਰੀ ਕਰਨਲ (ਸੇਵਾਮੁਕਤ) ਵੈਭਵ ਅਨਿਲ ਕਾਲੇ ਦੀ 13 ਮਈ ਨੂੰ ਗਾਜ਼ਾ ’ਚ ਹੋਈ ਮੌਤ ਤੋਂ ਅਸੀਂ ਬਹੁਤ ਦੁਖੀ ਹਾਂ।’’ ਉਨ੍ਹਾਂ ਇਹ ਵੀ ਕਿਹਾ, ‘‘ਅਸੀਂ ਉਨ੍ਹਾਂ ਦੇ ਪਰਵਾਰ ਅਤੇ ਪਿਆਰਿਆਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ।’’
ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਨਿਊਯਾਰਕ ’ਚ ਸੰਯੁਕਤ ਰਾਸ਼ਟਰ ’ਚ ਸਾਡਾ ਸਥਾਈ ਮਿਸ਼ਨ ਅਤੇ ਤੇਲ ਅਵੀਵ ਅਤੇ ਰਾਮੱਲਾ ’ਚ ਸਾਡੇ ਦੂਤਘਰ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ’ਚ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ ਅਤੇ ਘਟਨਾ ਦੀ ਜਾਂਚ ਦੇ ਸਬੰਧ ’ਚ ਸਬੰਧਤ ਅਧਿਕਾਰੀਆਂ ਦੇ ਸੰਪਰਕ ’ਚ ਹਨ।’’
ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ ਅਤੇ ਭਾਰਤ ਤੋਂ ਮੁਆਫੀ ਮੰਗੀ ਹੈ।
ਕਰਨਲ ਵੈਭਵ ਅਨਿਲ ਕਾਲੇ (46) 2022 ’ਚ ਭਾਰਤੀ ਫੌਜ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋਏ ਸਨ ਅਤੇ ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਅਤੇ ਸੁਰੱਖਿਆ ਵਿਭਾਗ (ਯੂ.ਐੱਨ.ਡੀ.ਐੱਸ.ਐੱਸ.) ’ਚ ਸੁਰੱਖਿਆ ਤਾਲਮੇਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ।
ਸੋਮਵਾਰ ਸਵੇਰੇ, ਉਹ ਯੂ.ਐਨ.ਡੀ.ਐਸ.ਐਸ. ਦੇ ਹੋਰ ਮੁਲਾਜ਼ਮਾਂ ਨਾਲ ਸੰਯੁਕਤ ਰਾਸ਼ਟਰ ਦੀ ਗੱਡੀ ’ਚ ਰਫਾਹ ਦੇ ਯੂਰਪੀਅਨ ਹਸਪਤਾਲ ਜਾ ਰਿਹਾ ਸੀ ਜਦੋਂ ਉਨ੍ਹਾਂ ’ਤੇ ਹਮਲਾ ਹੋਇਆ ਜਿਸ ’ਚ ਉਨ੍ਹਾਂ ਦੀ ਮੌਤ ਹੋ ਗਈ ਅਤੇ ਜਾਰਡਨ ਦਾ ਇਕ ਹੋਰ ਡੀ.ਐਸ.ਐਸ. ਮੁਲਾਜ਼ਮ ਜ਼ਖਮੀ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਗੱਡੀ ’ਤੇ ਇਜ਼ਰਾਈਲੀ ਟੈਂਕਾਂ ਵਲੋਂ ਕਾਰਵਾਈ ਕੀਤੀ ਗਈ ਸੀ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਭਾਰਤ ਸਰਕਾਰ ਅਤੇ ਲੋਕਾਂ ਪ੍ਰਤੀ ਡੂੰਘਾ ਅਫਸੋਸ ਅਤੇ ਹਮਦਰਦੀ ਪ੍ਰਗਟ ਕਰਦੇ ਹਾਂ। ਅਸੀਂ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।’’ ਹੱਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਇਸ ਘਾਤਕ ਹਮਲੇ ਦੀ ਜਾਂਚ ਲਈ ਇਕ ਟੀਮ ਦਾ ਗਠਨ ਕੀਤਾ ਹੈ।
ਗਾਜ਼ਾ ’ਚ ਸਾਬਕਾ ਫੌਜੀ ਅਧਿਕਾਰੀ ਦੀ ਹੱਤਿਆ ਦੀ ਸਖ਼ਤ ਨਿੰਦਾ ਕਰੇ ਭਾਰਤ ਸਰਕਾਰ : ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਾਕੇਤ ਗੋਖਲੇ ਨੇ ਬੁਧਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗਾਜ਼ਾ ’ਚ ਹਮਲੇ ’ਚ ਭਾਰਤੀ ਫੌਜ ਦੇ ਇਕ ਸਾਬਕਾ ਅਧਿਕਾਰੀ ਦੇ ਮਾਰੇ ਜਾਣ ਦੀ ਸਖ਼ਤ ਨਿੰਦਾ ਕਰੇ।
ਗੋਖਲੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਜ਼ਰਾਈਲ ਨੇ ਗਾਜ਼ਾ ’ਚ ਭਾਰਤੀ ਫੌਜ ਦੇ ਸੇਵਾਮੁਕਤ ਕਰਨਲ ਦਾ ਕਤਲ ਕਰ ਦਿਤਾ ਅਤੇ ਬੇਸ਼ਰਮ ਮੋਦੀ ਸਰਕਾਰ ਨੇ ਇਕ ਸ਼ਬਦ ਵੀ ਨਹੀਂ ਬੋਲਿਆ।’’ ਗੋਖਲੇ ਨੇ ਕਿਹਾ ਕਿ ਸਾਬਕਾ ਫੌਜੀ ਅਧਿਕਾਰੀ ਸੰਯੁਕਤ ਰਾਸ਼ਟਰ ਦੀ ਗੱਡੀ ਵਿਚ ਸਫ਼ਰ ਕਰ ਰਿਹਾ ਸੀ ਜਦੋਂ ਉਹ ਮਾਰਿਆ ਗਿਆ।
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਲਿਖੀ ਚਿੱਠੀ ’ਚ ਉਨ੍ਹਾਂ ਕਿਹਾ, ‘‘ਇਹ ਸਪੱਸ਼ਟ ਹੈ ਕਿ ਕਰਨਲ ਕਾਲੇ ਦੀ ਮੌਤ ਇਜ਼ਰਾਈਲ ਰੱਖਿਆ ਬਲਾਂ (ਆਈ.ਡੀ.ਐੱਫ.) ਵਲੋਂ ਉਨ੍ਹਾਂ ਦੇ ਕਾਫਲੇ ’ਤੇ ਕੀਤੇ ਗਏ ਹਮਲੇ ’ਚ ਹੋਈ। ਕੌਮਾਂਤਰੀ ਕਾਨੂੰਨ ਸੰਘਰਸ਼ ਵਾਲੇ ਖੇਤਰਾਂ ’ਚ ਸੰਯੁਕਤ ਰਾਸ਼ਟਰ ਦੇ ਮੁਲਾਜ਼ਮਾਂ ’ਤੇ ਫੌਜੀ ਹਮਲਿਆਂ ਦੀ ਮਨਾਹੀ ਕਰਦਾ ਹੈ।’’
ਉਨ੍ਹਾਂ ਕਿਹਾ, ‘‘ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਭਾਰਤ ਸਰਕਾਰ ਨੇ ਨਾ ਤਾਂ ਇਜ਼ਰਾਈਲੀ ਬਲਾਂ ਦੀ ਇਸ ਘਿਨਾਉਣੀ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਨਾ ਹੀ ਇਜ਼ਰਾਈਲ ਦੇ ਸਫ਼ਾਰਤਖ਼ਾਨੇ ਨੂੰ ਕੋਈ ਚਿੱਠੀ ਜਾਰੀ ਕਰ ਕੇ ਬਿਨਾਂ ਕਿਸੇ ਉਕਸਾਵੇ ਦੇ ਕੀਤੇ ਗਏ ਹਮਲੇ ਬਾਰੇ ਕਾਰਵਾਈ ਕਰਨ ਲਈ ਕਿਹਾ ਹੈ।’’
ਉਨ੍ਹਾਂ ਕਿਹਾ, ‘‘ਕਰਨਲ ਕਾਲੇ ਭਾਰਤ ਦੇ ਬਹਾਦਰ ਸਪੂਤ ਸਨ ਜੋ ਜੰਗ ਖੇਤਰ ’ਚ ਨਿਰਸਵਾਰਥ ਕੰਮ ਕਰ ਰਹੇ ਸਨ। ਇਜ਼ਰਾਈਲੀ ਹਥਿਆਰਬੰਦ ਬਲਾਂ ਵਲੋਂ ਇਕ ਸਾਬਕਾ ਭਾਰਤੀ ਫੌਜੀ ਅਧਿਕਾਰੀ ’ਤੇ ਕੀਤਾ ਗਿਆ ਹਮਲਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ।’’
ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਭਾਰਤ ਸਰਕਾਰ ਵਲੋਂ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਵਿਦੇਸ਼ ਮੰਤਰੀ ਨੂੰ ਇਸ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਹਾ, ‘‘ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੇਠ ਇਜ਼ਰਾਈਲੀ ਰੱਖਿਆ ਬਲਾਂ (ਆਈ.ਡੀ.ਐੱਫ.) ਵਲੋਂ ਕਰਨਲ ਕਾਲੇ ਦੀ ਹੱਤਿਆ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਜਾਵੇ ਅਤੇ ਇਸ ਮਾਮਲੇ ’ਤੇ ਇਜ਼ਰਾਈਲ ਸਰਕਾਰ ਨਾਲ ਗੱਲਬਾਤ ਕਰ ਕੇ ਤੇਜ਼ੀ ਨਾਲ ਜਾਂਚ ਦੀ ਮੰਗ ਕੀਤੀ ਜਾਵੇ।’’
ਉਨ੍ਹਾਂ ਕਿਹਾ, ‘‘ਸਰਕਾਰ ਨੂੰ ਇਸ ਮੁਸ਼ਕਲ ਸਮੇਂ ’ਚ ਕਰਨਲ ਕਾਲੇ ਦੀ ਪਤਨੀ ਅਤੇ ਦੋ ਬੱਚਿਆਂ ਦੀ ਹਰ ਸੰਭਵ ਮਦਦ, ਸਹਾਇਤਾ ਅਤੇ ਸਹਾਇਤਾ ਕਰਨੀ ਚਾਹੀਦੀ ਹੈ।’’