
ਅੰਮ੍ਰਿਤਸਰ ਭਾਰਤ ਦੇ ਉਨ੍ਹਾਂ ਪੰਜ ਸ਼ਹਿਰਾਂ ਵਿਚ ਸ਼ਾਮਲ ਹਨ ਜਿਥੇ ਬਜ਼ੁਰਗਾਂ ਨਾਲ ਬਹੁਤ ਜ਼ਿਆਦਾ ਦੁਰਵਿਹਾਰ ਹੁੰਦਾ ਹੈ। ਸਰਵੇਖਣ ਮੁਤਾਬਕ ਬਜ਼ੁਰਗਾਂ ਨਾਲ ਸੱਭ...
ਨਵੀਂ ਦਿੱਲੀ, ਅੰਮ੍ਰਿਤਸਰ ਭਾਰਤ ਦੇ ਉਨ੍ਹਾਂ ਪੰਜ ਸ਼ਹਿਰਾਂ ਵਿਚ ਸ਼ਾਮਲ ਹਨ ਜਿਥੇ ਬਜ਼ੁਰਗਾਂ ਨਾਲ ਬਹੁਤ ਜ਼ਿਆਦਾ ਦੁਰਵਿਹਾਰ ਹੁੰਦਾ ਹੈ। ਸਰਵੇਖਣ ਮੁਤਾਬਕ ਬਜ਼ੁਰਗਾਂ ਨਾਲ ਸੱਭ ਤੋਂ ਜ਼ਿਆਦਾ ਦੁਰਵਿਹਾਰ ਮੈਂਗਲੋਰ (47 ਫ਼ੀ ਸਦੀ), ਅਹਿਮਦਾਬਾਦ ਵਿਚ 46 ਫ਼ੀ ਸਦੀ, ਭੋਪਾਲ ਵਿਚ 39 ਫ਼ੀ ਸਦੀ, ਅੰਮ੍ਰਿ੍ਰਤਸਰ ਵਿਚ 35 ਫ਼ੀ ਸਦੀ ਅਤੇ ਦਿੱਲੀ ਵਿਚ 33 ਫ਼ੀ ਸਦੀ ਹੁੰਦਾ ਹੈ। ਇਸ ਅਧਿਐਨ ਦਾ ਉਦੇਸ਼ ਇਹ ਪਤਾ ਕਰਨਾ ਸੀ ਕਿ ਦੁਰਵਿਹਾਰ ਕਿਸ ਹੱਦ ਤਕ, ਕਿੰਨਾ ਜ਼ਿਆਦਾ, ਕਿਸ ਰੂਪ ਵਿਚ, ਕਿੰਨੀ ਵਾਰ ਹੁੰਦਾ ਹੈ ਅਤੇ ਇਸ ਦੇ ਪਿੱਛੇ ਕਾਰਨ ਕੀ ਹਨ।
ਹੈਲਪੇਜ ਇੰਡੀਆ ਨੇ 23 ਸ਼ਹਿਰਾਂ ਵਿਚ ਸਰਵੇਖਣ ਕੀਤਾ। ਪਤਾ ਲੱਗਾ ਹੈ ਕਿ ਲਗਭਗ ਇਕ ਚੌਥਾਈ ਬਜ਼ੁਰਗ ਆਬਾਦੀ ਵਿਅਕੀਗਤ ਤੌਰ 'ਤੇ ਅਤਿਆਚਾਰ ਦਾ ਸਾਹਮਣਾ ਕਰਦੀ ਹੈ ਅਤੇ ਅਤਿਆਚਾਰ ਕਰਨ ਵਾਲਿਆਂ ਵਿਚ ਜ਼ਿਆਦਾਤਰ ਜਾਂ ਤਾਂ ਉਨ੍ਹਾਂ ਦੇ ਬੇਟੇ (52 ਫ਼ੀ ਸਦੀ) ਹੁੰਦੇ ਹਨ ਜਾਂ ਉਨ੍ਹਾਂ ਦੀਆਂ ਨੂੰਹਾਂ (34) ਫ਼ੀ ਸਦੀ ਹੁੰਦੀਆਂ ਹਨ। ਹੈਲਪੇਜ ਇੰਡੀਆ ਦੇ ਅਧਿਕਾਰੀ ਮੈਥਊ ਚੇਰੀਅਨ ਨੇ ਕਿਹਾ, 'ਮੰਦੇਭਾਗੀਂ ਬਜ਼ੁਰਗਾਂ ਦਾ ਅਤਿਆਚਾਰ ਘਰ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਨੂੰ ਅੰਜਾਮ ਉਹ ਲੋਕ ਦਿੰਦੇ ਹਨ ਜਿਨ੍ਹਾਂ 'ਤੇ ਉਹ ਸੱਭ ਤੋਂ ਜ਼ਿਆਦਾ ਵਿਸ਼ਵਾਸ ਕਰਦੇ ਹਨ।
ਉਨ੍ਹਾਂ ਦਸਿਆ, 'ਇਸ ਸਾਲ, ਦੁਰਵਿਹਾਰ ਕਰਨ ਵਾਲੇ ਲੋਕਾਂ ਵਿਚ ਸੱਭ ਤੋਂ ਪਹਿਲਾਂ ਬੇਟੇ ਹਨ ਅਤੇ ਫਿਰ ਨੂੰਹਾਂ ਹਨ।' ਪਹਿਲਾਂ ਵਾਲੇ ਸਰਵੇਖਣਾਂ ਵਿਚ ਵੇਖਿਆ ਗਿਆ ਕਿ ਬਜ਼ੁਰਗਾਂ ਨਾਲ ਦੁਰਵਿਹਾਰ ਕਰਨ ਵਾਲਿਆਂ ਵਿਚ ਸੱਭ ਤੋਂ ਅੱਗੇ ਨੂੰਹਾਂ ਹੁੰਦੀਆਂ ਹਨ। ਪਤਾ ਲੱਗਾ ਕਿ ਦੁਰਵਿਹਾਰ ਦੇ ਸ਼ਿਕਾਰ 82 ਫ਼ੀ ਸਦੀ ਬਜ਼ੁਰਗ ਪਰਵਾਰ ਇਸ ਵਾਸਤੇ ਇਸ ਦੀ ਸ਼ਿਕਾਇਤ ਨਹੀਂ ਕਰਦੇ ਜਾਂ ਉਹ ਇਹ ਨਹੀਂ ਜਾਣਦੇ ਕਿ ਸਮੱਸਿਆ ਨਾਲ ਕਿੰਜ ਸਿੱਝਿਆ ਜਾ ਸਕਦਾ ਹੈ। (ਏਜੰਸੀ)