
ਪ੍ਰਭਾਵਿਤ ਖੇਤਰਾਂ ਵਿਚ ਆਪਣੇ ਕਰਮਚਾਰੀਆਂ ਦੀ ਤਾਇਨਾਤੀ ਦੇ ਮਾਮਲੇ ਵਿਚ ਪੂਰੀ ਸਾਵਧਾਨੀ ਅਤੇ ਉਚਿਤ ਚੌਕਸੀ ਵਰਤਣ
ਨਵੀਂ ਦਿੱਲੀ- ਵੱਖ-ਵੱਖ ਮੀਡੀਆ ਸੰਗਠਨਾਂ, ਖ਼ਾਸ ਕਰਕੇ ਚੱਕਰਵਾਤ 'ਬਿਪਰਜੋਏ' ਬਾਰੇ ਹਰ ਖ਼ਬਰ ਕਵਰ ਕਰ ਰਹੇ ਨਿਜੀ ਟੀ.ਵੀ. ਚੈਨਲਾਂ ਦੇ ਪੱਤਰਕਾਰਾਂ, ਕੈਮਰਾਮੈਨਾਂ ਅਤੇ ਹੋਰ ਕਰਮਚਾਰੀਆਂ ਦੇ ਬਚਾਅ ਅਤੇ ਸੁਰੱਖਿਆ 'ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਵੀਰਵਾਰ ਨੂੰ ਚੱਕਰਵਾਤ ਦੀ ਜ਼ਮੀਨੀ ਪੱਧਰ ‘ਤੇ ਰਿਪੋਰਟਿੰਗ ਵਿਚ ਸ਼ਾਮਲ ਅਜਿਹੇ ਸਾਰੇ ਚੈਨਲਾਂ ਦੇ ਕਰਮਚਾਰੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਮੰਤਰਾਲੇ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਇਸ ਘਟਨਾ ਦੀ ਰਿਪੋਰਟਿੰਗ ਨਾਲ ਨਿੱਜੀ ਸੈਟੇਲਾਈਟ ਟੀ.ਵੀ. ਚੈਨਲਾਂ ਦੁਆਰਾ ਤਾਇਨਾਤ ਪੱਤਰਕਾਰਾਂ, ਕੈਮਰਾਮੈਨਾਂ ਅਤੇ ਹੋਰ ਕਰਮਚਾਰੀਆਂ ਦੀ ਜ਼ਮੀਨੀ ਪੱਧਰ 'ਤੇ ਰਿਪੋਰਟਿੰਗ ਨਾਲ ਬਚਾਅ ਅਤੇ ਸੁਰੱਖਿਆ ਦੇ ਗੰਭੀਰ ਖਤਰੇ ਪੈਦਾ ਹੋ ਸਕਦੇ ਹਨ। ਮੰਤਰਾਲੇ ਨੇ ਇਸ ਗੱਲ ‘ਤੇ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਇਸ ਪ੍ਰਕਾਰ ਦੀ ਜ਼ਮੀਨੀ ਰਿਪੋਰਟਿੰਗ ‘ਤੇ ਤਾਇਨਾਤ ਵੱਖ-ਵੱਖ ਕਰਮਚਾਰੀਆਂ ਦੀਆਂ ਜਾਨਾਂ ਨੂੰ ਖ਼ਤਰਾ ਹੋ ਸਕਦਾ ਹੈ।
ਮੰਤਰਾਲੇ ਨੇ ਮੀਡੀਆ ਸੰਗਠਨਾਂ ਨੂੰ ਦ੍ਰਿੜਤਾਪੂਰਵਕ ਸਲਾਹ ਦਿੱਤੀ ਹੈ ਕਿ ਉਹ ਪ੍ਰਭਾਵਿਤ ਖੇਤਰਾਂ ਵਿਚ ਆਪਣੇ ਕਰਮਚਾਰੀਆਂ ਦੀ ਤਾਇਨਾਤੀ ਦੇ ਮਾਮਲੇ ਵਿਚ ਪੂਰੀ ਸਾਵਧਾਨੀ ਅਤੇ ਉਚਿਤ ਚੌਕਸੀ ਵਰਤਣ। ਮੰਤਰਾਲੇ ਵੱਲੋਂ ਇਹ ਸਖ਼ਤ ਹਦਾਇਤ ਵੀ ਦਿੱਤੀ ਗਈ ਹੈ ਕਿ ਕਿਸੇ ਵੀ ਹਾਲਤ ਵਿਚ ਸੰਗਠਨ ਨੂੰ ਅਜਿਹੇ ਕਰਮਚਾਰੀਆਂ ਦੀ ਤਾਇਨਾਤੀ ਦਾ ਫ਼ੈਸਲਾ ਨਹੀਂ ਲੈਣਾ ਚਾਹੀਦਾ ਜਿਸ ਨਾਲ ਮੀਡੀਆ ਕਰਮਚਾਰੀਆਂ ਦੇ ਬਚਾਅ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਹੋਵੇ ਅਤੇ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਦੁਆਰਾ ਜਾਰੀ ਕੀਤੀਆਂ ਜਾ ਰਹੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਚੱਕਰਵਾਤੀ ਤੂਫ਼ਾਨ 'ਬਿਪਰਜੋਏ' ਦੇ ਛੇਤੀ ਹੀ ਦੇਸ਼ ਦੇ ਪੱਛਮੀ ਤਟ ਨਾਲ ਟਕਰਾਉਣ ਦੀ ਸੰਭਾਵਨਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਵਿਘਨ ਪੈਣ ਦੀ ਸੰਭਾਵਨਾ ਹੈ ਪਰ ਮੰਤਰਾਲੇ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ, ਸੂਬਾ ਸਰਕਾਰਾਂ ਦੇ ਨਾਲ ਚੱਕਰਵਾਤ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।