
ਪ੍ਰਿਯੰਕਾ ਨੇ ਕਿਹਾ-ਮੈਂ ਇਕ ਅਗੱਸਤ ਨੂੰ ਸਰਕਾਰੀ ਬੰਗਲਾ ਖ਼ਾਲੀ ਕਰ ਦੇਵਾਂਗੀ
ਨਵੀਂ ਦਿੱਲੀ, 14 ਜੁਲਾਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਾਅਵਾ ਕੀਤਾ ਕਿ ਕਿਸੇ ਰਸੂਖ਼ਦਾਰ ਕਾਂਗਰਸੀ ਆਗੂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਜਿਸ ਸਰਕਾਰੀ ਬੰਗਲੇ ਨੂੰ ਖ਼ਾਲੀ ਕਰਨ ਲਈ ਆਖਿਆ ਗਿਆ ਹੈ, ਉਹ ਬੰਗਲਾ ਕਿਸੇ ਕਾਂਗਰਸ ਸੰਸਦ ਮੈਂਬਰ ਨੂੰ ਅਲਾਟ ਕਰ ਦਿਤਾ ਜਾਵੇ ਤਾਕਿ ਪ੍ਰਿਯੰਕਾ ਗਾਂਧੀ ਉਥੇ ਰਹਿੰਦੀ ਰਹੇ।
ਇਸ ਦੇ ਜਵਾਬ ਵਿਚ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਅਜਿਹੀ ਕੋਈ ਬੇਨਤੀ ਨਹੀਂ ਕੀਤੀ ਅਤੇ ਉਹ ਅਪਣਾ ਸਰਕਾਰੀ ਬੰਗਲਾ ਸਰਕਾਰ ਦੁਆਰਾ ਦੱਸੀ ਗਈ ਸਮਾਂ ਹੱਦ ਯਾਨੀ ਇਕ ਅਗੱਸਤ ਤਕ ਖ਼ਾਲੀ ਕਰ ਦੇਵੇਗੀ। ਪੁਰੀ ਨੇ ਕਿਹਾ, ‘ਤੱਥ ਬੋਲਦੇ ਹਨ। ਰਸੂਖਦਾਰ ਕਾਂਗਰਸ ਆਗੂ ਜਿਸ ਦੀ ਪਾਰਟੀ ਅੰਦਰ ਕਾਫ਼ੀ ਪੁੱਛ ਹੈ, ਨੇ ਚਾਰ ਜੁਲਾਈ 2020 ਨੂੰ ਦੁਪਹਿਰੇ 12.05 ਵਜੇ ਮੈਨੂੰ ਫ਼ੋਨ ਕਰ ਕੇ ਕਿਹਾ ਸੀ ਕਿ 35, ਲੋਧੀ ਅਸਟੇਟ ਕਾਂਗਰਸ ਦੇ ਹੀ ਸੰਸਦ ਮੈਂਬਰ ਨੂੰ ਅਲਾਟ ਕਰ ਦਿਤਾ ਜਾਵੇ ਤਾਕਿ ਪ੍ਰਿਯੰਕਾ ਉਸ ਵਿਚ ਰਹਿਣਾ ਜਾਰੀ ਰੱਖ ਸਕੇ।’ ਕੇਂਦਰੀ ਮੰਤਰੀ ਦੀ ਇਹ ਟਿਪਣੀ ਉਸ ਵੇਲੇ ਆਈ ਜਦ ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਉਸ ਖ਼ਬਰ ਨੂੰ ਫ਼ਰਜ਼ੀ ਕਰਾਰ ਦਿਤਾ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਅਪਣਾ ਬੰਗਲਾ ਖ਼ਾਲੀ ਕਰਨ ਲਈ ਸਰਕਾਰ ਕੋਲੋਂ ਹੋਰ ਸਮਾਂ ਮੰਗਿਆ ਹੈ।
Hardeep Singh Puri
ਕੇਂਦਰੀ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਨੇ ਪ੍ਰਿਯੰਕਾ ਨੂੰ ਸਰਕਾਰੀ ਬੰਗਲਾ ਇਕ ਅਗੱਸਤ ਤਕ ਖ਼ਾਲੀ ਕਰਨ ਲਈ ਕਿਹਾ ਹੈ ਕਿਉਂਕਿ ਐਸਪੀਜੀ ਸੁਰੱਖਿਆ ਵਾਪਸ ਲਏ ਜਾਣ ਮਗਰੋਂ ਉਨ੍ਹਾਂ ਨੂੰ ਮੌਜੂਦਾ ਘਰ ਖ਼ਾਲੀ ਕਰਨਾ ਪਵੇਗਾ। ਜ਼ੈਡ ਪਲੱਸ ਦੀ ਸ਼੍ਰੇਣੀ ਵਾਲੀ ਸੁਰੱਖਿਾ ਵਿਚ ਮਕਾਨ ਸਹੂਲਤ ਨਹੀਂ ਮਿਲਦੀ। ਪ੍ਰਿਯੰਕਾ ਨੇ ਕਿਹਾ, ‘ਇਹ ਫ਼ਰਜ਼ੀ ਖ਼ਬਰ ਹੈ। ਮੈਂ ਇਕ ਅਗੱਸਤ ਤਕ ਸਰਕਾਰੀ ਘਰ ਖ਼ਾਲੀ ਕਰ ਦੇਵਾਂਗੀ।’ (ਏਜੰਸੀ)