
ਕਾਂਗਰਸ ਨੇ ਦੋ ਮੰਤਰੀਆਂ ਤੇ ਦੋ ਵਿਧਾਇਕਾਂ ਨੂੰ ਵੀ ਅਹੁਦਿਆਂ ਤੋਂ ਹਟਾਇਆ
ਜੈਪੁਰ, 14 ਜੁਲਾਈ : ਕਾਂਗਰਸ ਨੇ ਰਾਜ ਦੀ ਅਸ਼ੋਕ ਗਹਿਲੋਤ ਸਰਕਾਰ ਵਿਰੁਧ ਬਗ਼ਾਵਤ ਕਰਨ ਵਾਲੇ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਦੇ ਅਹੁਦਿਆਂ ਤੋਂ ਹਟਾ ਦਿਤਾ ਹੈ। ਪਾਰਟੀ ਨੇ ਸਖ਼ਤ ਕਾਰਵਾਈ ਕਰਦਿਆਂ ਪਾਇਲਟ ਖ਼ੇਮੇ ਵਿਚ ਗਏ ਸਰਕਾਰ ਦੇ ਦੋ ਮੰਤਰੀਆਂ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਣਾ ਨੂੰ ਵੀ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿਤਾ। ਪਾਰਟੀ ਦੇ ਮੌਜੂਦਾ ਰਾਜਸੀ ਸੰਕਟ ਵਿਚਾਲੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਨਾ ਆਉਣ ਵਾਲੇ ਅਤੇ ਪਾਇਲਟ ਨਾਲ ਗਏ ਮੰਤਰੀਆਂ ਤੋਂ ਇਲਾਵਾ ਦੋ ਹੋਰ ਵਿਧਾਇਕਾਂ ਨੂੰ ਵੀ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿਤਾ ਹੈ। ਸੂਤਰਾਂ ਮੁਤਾਬਕ ਸਚਿਨ ਨੂੰ ਕਾਂਗਰਸ ਦੀ ਮੈਂਬਰਸ਼ਿਪ ਤੋਂ ਵੀ ਹਟਾਉਣ ਬਾਰੇ ਵਿਚਾਰ ਹੋ ਰਹੀ ਹੈ।
Photo
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਥੇ ਪੱਤਰਕਾਰਾਂ ਨੂੰ ਦਸਿਆ ਕਿ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਅਹੁਦਿਆਂ ਤੋਂ ਹਟਾ ਦਿਤਾ ਗਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪਾਰਟੀ ਨੇ ਰਾਜਸਥਾਨ ਸੂਬਾਈ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਮੁਕੇਸ਼ ਭਾਕਰ ਨੂੰ ਹਟਾ ਦਿਤਾ ਹੈ। ਵਿਸ਼ਵੇਂਦਰ ਸਿੰਘ ਨੂੰ ਸੈਰ-ਸਪਾਟਾ ਮੰਤਰੀ ਅਤੇ ਰਮੇਸ਼ ਮੀਣਾ ਨੂੰ ਖਾਧ ਸਪਲਾਈ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਪਾਰਟੀ ਨੇ ਵਿਧਾਇਕ ਗਣੇਸ ਘੋਘਰਾ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਰਾਕੇਸ਼ ਪਾਰਿਕ ਨੂੰ ਹਟਾ ਕੇ ਹੇਮ ਸਿੰਘ ਸ਼ੇਖ਼ਾਵਤ ਨੂੰ ਰਾਜਸਥਾਨ ਪ੍ਰਦੇਸ਼ ਕਾਂਗਰਸ ਸੇਵਾ ਦਲ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਕਾਂਗਰਸ ਵਿਧਾਇਕ ਦਲ ਦੀ ਇਥੇ ਹੋਈ ਬੈਠਕ ਮਗਰੋਂ ਇਹ ਜਾਣਕਾਰੀ ਦਿਤੀ ਗਈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਸਿਆਸੀ ਸੰਕਟ ਉਦੋਂ ਪੈਦਾ ਹੋਇਆ ਜਦ ਮੁੱਖ ਮੰਤਰੀ ਨੇ ਪ੍ਰੈਸ ਕਾਨਫ਼ਰੰਸ ਵਿਚ ਉਨ੍ਹਾਂ ਦੀ ਸਰਕਾਰ ਡੇਗਣ ਦੀ ਕਿਸ਼ਸ਼ ਦਾ ਦੋਸ਼ ਲਾਇਆ ਸੀ। 200 ਸੀਟਾਂ ਵਾਲੀ ਰਾਜਸਥਾਨ ਵਿਧਾਨ ਸਭਾ ਵਿਚ ਕਾਂਗਰਸ ਦੇ 107 ਵਿਧਾਇਕ ਹਨ ਅਤੇ ਪਾਰਟੀ ਨੂੰ ਕਈ ਆਜ਼ਾਦ ਵਿਧਾਇਕਾਂ ਅਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਬੀਤੇ ਦਿਨੀਂ ਰਾਜਸਥਾਨ ਪੁਲਿਸ ਦੀ ਵਿਸ਼ੇਸ਼ ਸ਼ਾਖਾ ਐਸਓਜੀ ਨੇ ਰਾਜ ਸਰਕਾਰ ਨੂੰ ਅਸਥਿਰ ਕਰਨ ਦੀ ਕਥਿਤ ਸਾਜ਼ਸ਼ ਮਾਮਲੇ ਵਿਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਰਕਾਰੀ ਮੁੱਖ ਕਨਵੀਨਰ ਸਣੇ ਹੋਰ ਵਿਧਾਇਕਾਂ ਨੂੰ ਉਨ੍ਹਾਂ ਦੇ ਬਿਆਨ ਦਰਜ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਸਨ। ਕਲ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਬਹੁਗਿਣਤੀ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਸਮਰਥਨ ਦਾ ਐਲਾਨ ਕਰ ਦਿਤਾ ਸੀ ਜਿਸ ਮਗਰੋਂ ਬਾਗ਼ੀ ਸਚਿਨ ਪਾਇਲਟ ਅਲੱਗ-ਥਲੱਗ ਪੈ ਗਏ ਸਨ। (ਏਜੰਸੀ)
Photo
ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਗਹਿਲੋਤ : ਭਾਜਪਾ
ਭਾਜਪਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨਾ ਚਾਹੀਦਾ ਹੈ। ਜੈਪੁਰ ਵਿਖੇ ਭਾਜਪਾ ਮੁੱਖ ਦਫ਼ਤਰ ਵਿਚ ਸੀਨੀਅਰ ਆਗੂ ਗ਼ੁਲਾਬ ਚੰਦ ਕਟਾਰੀਆ ਨੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਦੀ ਚੁਨੌਤੀ ਦਿਤੀ। ਉਨ੍ਹਾਂ ਕਿਹਾ, 'ਮੁੱਖ ਮੰਤਰੀ ਪਹਿਲਾਂ ਬਹੁਮਤ ਸਿੱਧ ਕਰਨ ਤੇ ਫਿਰ ਮੰਤਰੀ ਮੰਡਲ ਵਿਚ ਫੇਰਬਦਲ ਕਰਨ।'
Photo
ਸੱਚ ਨੂੰ ਹਰਾਇਆ ਨਹੀਂ ਜਾ ਸਕਦਾ : ਪਾਇਲਟ
ਰਾਜਸਥਾਨ ਵਿਚ ਉਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਹਟਾਏ ਜਾਣ ਮਗਰੋਂ ਸਚਿਨ ਪਾਇਲਟ ਨੇ ਕਿਹਾ ਕਿ ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ। ਕਾਂਗਰਸ ਹਾਈ ਕਮਾਨ ਦੇ ਫ਼ੈਸਲੇ ਮਗਰੋਂ ਉਨ੍ਹਾਂ ਟਵਿਟਰ 'ਤੇ ਉਕਤ ਗੱਲ ਲਿਖੀ।
Photo
ਪ੍ਰਿਯੰਕਾ ਦੀ ਸੋਨੀਆ ਨਾਲ ਮੁਲਾਕਾਤ
ਸਚਿਨ ਪਾਇਲਟ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਕਮੇਟੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਪ੍ਰਿਯੰਕਾ ਉਨ੍ਹਾਂ ਦੇ ਘਰ 10 ਜਨਪਥ ਪਹੁੰਚੀ। ਮੰਨਿਆ ਜਾ ਰਿਹਾ ਹੈ ਕਿ ਦੋਹਾਂ ਨੇ ਰਾਜਸਥਾਨ ਦੇ ਤਾਜ਼ਾ ਘਟਨਾਕ੍ਰਮ ਅਤੇ ਅਗਲੀ ਰਣਨੀਤੀ ਬਾਰੇ ਚਰਚਾ ਕੀਤੀ।