
ਜੇਪੀ ਨੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਸੂਬੇ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਵਿਚ ਮੋਹਰੀ ਭੂਮਿਕਾ ਨਿਭਾਏਗੀ
ਕੁੱਲੂ/ਭੁੰਤਰ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸ਼ੁੱਕਰਵਾਰ ਨੂੰ ਕੁੱਲੂ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ। ਉਹਨਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਸ਼ੁੱਕਰਵਾਰ ਨੂੰ ਭੁੰਤਰ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਭੁੰਤਰ 'ਚ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਮੁਸ਼ਕਿਲਾਂ ਸੁਣੀਆਂ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਡਾ. ਰਾਜੀਵ ਬਿੰਦਲ ਵੀ ਉਨ੍ਹਾਂ ਦੇ ਨਾਲ ਸਨ। ਜੇਪੀ ਨੱਡਾ ਨੇ ਕਿਹਾ ਕਿ ਕੇਂਦਰ ਤੋਂ ਜੋ ਰਾਹਤ ਮਿਲਣੀ ਸੀ, ਉਹ ਆ ਗਈ ਹੈ। ਅੱਜ ਵੀ ਗ੍ਰਹਿ ਮੰਤਰੀ ਰਾਹਤ ਲਈ ਕੁਝ ਹੋਰ ਪ੍ਰਬੰਧ ਕਰ ਰਹੇ ਹਨ। ਇਸ ਦੀ ਵਿਸਤ੍ਰਿਤ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਵੇਗੀ, ਪਰ ਕੇਂਦਰ ਅਤੇ ਪ੍ਰਧਾਨ ਮੰਤਰੀ ਮੋਦੀ ਤੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਜੇਪੀ ਨੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਸੂਬੇ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਵਿਚ ਮੋਹਰੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸੂਬੇ ਭਰ ਤੋਂ ਰਿਪੋਰਟਾਂ ਲਈਆਂ ਜਾ ਰਹੀਆਂ ਹਨ। ਇਸ ਦੁੱਖ ਦੀ ਘੜੀ ਵਿਚ ਅਸੀਂ ਹਿਮਾਚਲ ਦੇ ਲੋਕਾਂ ਦੇ ਨਾਲ ਖੜੇ ਹਾਂ। ਸਾਡੀ ਹਮਦਰਦੀ ਜਨਤਾ ਦੇ ਨਾਲ ਹੈ, ਨਾਲ ਹੀ ਰਾਸ਼ਟਰੀ ਲੀਡਰਸ਼ਿਪ ਰਾਹਤ ਕਾਰਜਾਂ ਰਾਹੀਂ ਨੁਕਸਾਨ ਦੀ ਭਰਪਾਈ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਮੁਆਵਜ਼ੇ ਦੀ ਚਿੰਤਾ ਕਰਨਾ ਸਾਡੀ ਜ਼ਿੰਮੇਵਾਰੀ ਹੈ।
ਜੇਪੀ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਬਾਹੀ ਦੇ ਪਹਿਲੇ ਦਿਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨਾਲ ਵੀ ਗੱਲ ਕੀਤੀ ਸੀ। ਉਸੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਗਰਮੀ ਨਾਲ NDRF ਦੀਆਂ 13 ਟੀਮਾਂ ਹਿਮਾਚਲ ਲਈ ਭੇਜੀਆਂ, ਜਿਸ ਕਾਰਨ ਬਚਾਅ ਅਤੇ ਰਾਹਤ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਨੱਡਾ ਨੇ ਕਿਹਾ ਕਿ ਅਸੀਂ ਸਾਰੇ ਇਸ ਦੁੱਖ ਦੀ ਘੜੀ ਵਿਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਨਾਲ ਖੜੇ ਹਾਂ ਤਾਂ ਜੋ ਹਿਮਾਚਲ ਵਿਚ ਮੁੜ ਤੋਂ ਸਥਿਤੀ ਆਮ ਵਾਂਗ ਹੋ ਸਕੇ ਅਤੇ ਨਾਲ ਹੀ ਸਾਰੇ ਲੋਕਾਂ ਲਈ ਰਾਹਤ ਕਾਰਜ ਸ਼ੁਰੂ ਹੋ ਸਕਣ।