
ਕਪੜੇ ਥੋਣ ਵਾਲੇ ਮਜ਼ਦੂਰਾਂ ਅਤੇ ਵਾਲ ਕੱਟਣ ਵਾਲੇ ਪੇਸ਼ੇਵਰ ਲੋਕਾਂ ਸਮੇਤ ਰਵਾਇਤੀ ਹੁਨਰ ਨਾਲ ਜੁੜੇ ਲੋਕਾਂ ਲਈ 17 ਸਤੰਬਰ ਨੂੰ ਸ਼ੁਰੂ ਕੀਤੀ ਜਾਵੇਗੀ ਯੋਜਨਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਰਖਾਣ, ਰਾਜਮਿਸਤਰੀ ਅਤੇ ਸੁਨਿਆਰ ਵਰਗੇ ਰਵਾਇਤੀ ਹੁਨਰ ਨਾਲ ਜੁੜੇ ਲੋਕਾਂ ਲਈ ਰੋਜ਼ੀ-ਰੋਟੀ ਦੇ ਮੌਕੇ ਵਧਾਉਣ ਲਈ 15 ਹਜ਼ਾਰ ਕਰੋੜ ਰੁਪਏ ਤਕ ਦੇ ਬਜਟ ਵਾਲੀ ‘ਵਿਸ਼ਵਕਰਮਾ ਯੋਜਨਾ’ ਦਾ ਮੰਗਲਵਾਰ ਨੂੰ ਐਲਾਨ ਕੀਤਾ। ਮੁੱਖ ਰੂਪ ’ਚ ਹੋਰ ਪਿਛੜੇ ਵਰਗ (ਓ.ਬੀ.ਸੀ.) ਨਾਲ ਸਬੰਧਤ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੀ ਇਹ ਯੋਜਨਾ 17 ਸਤੰਬਰ ਨੂੰ ਵਿਸ਼ਵਕਰਮਾ ਜੈਯੰਤੀ ਦੇ ਮੌਕੇ ’ਤੇ ਸ਼ੁਰੂ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਇਸ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਗਾਮੀ ਵਿਸ਼ਵਕਰਮਾ ਜੈਯੰਤੀ ’ਤੇ ਔਜ਼ਾਰਾਂ ਜਾਂ ਅਪਣੇ ਹੱਥਾਂ ਨਾਲ ਰਵਾਇਤੀ ਹੁਨਰ ਨਾਲ ਰੋਜ਼ੀ-ਰੋਟੀ ਕਮਾਉਣ ਵਾਲੇ ਲੋਕਾਂ ਲਈ ਇਕ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।
ਮੋਦੀ ਨੇ ਕਿਹਾ ਕਿ 13000-15000 ਕਰੋੜ ਰੁਪਏ ਦੀ ਇਹ ਯੋਜਨਾ ਤਰਖਾਣ, ਸੁਨਿਆਰੇ, ਰਾਜਮਿਸਤਰੀ, ਕਪੜੇ ਥੋਣ ਵਾਲੇ ਮਜ਼ਦੂਰਾਂ ਅਤੇ ਵਾਲ ਕੱਟਣ ਵਾਲੇ ਪੇਸ਼ੇਵਰ ਲੋਕਾਂ ਦੀ ਮਦਦ ਕਰੇਗੀ ਜੋ ਜ਼ਿਆਦਾਤਰ ਹੋਰ ਪਿਛੜੇ ਵਰਗ (ਓ.ਬੀ.ਸੀ.) ਭਾਈਚਾਰੇ ਨਾਲ ਸਬੰਧਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਵਿਕਾਸਮੁਖੀ ਨੀਤੀਆਂ ਕਾਰਨ ਪਿਛਲੇ ਪੰਜ ਸਾਲਾਂ ’ਚ ਲਗਭਗ 13.5 ਕਰੋੜ ਲੋਕ ਗ਼ਰੀਬੀ ਦੇ ਚੁੰਗਲ ਤੋਂ ਬਾਹਰ ਨਿਕਲਣ ’ਚ ਸਫ਼ਲ ਰਹੇ ਹਨ।
ਉਨ੍ਹਾਂ ਕਿਹਾ ਕਿ ਰਿਹਾਇਸ਼ੀ ਯੋਜਨਾਵਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਹੇਠ ਰੇਹੜੀ-ਪਟੜੀ ਵਾਲਿਆਂ ਲਈ 50 ਹਜ਼ਾਰ ਕਰੋੜ ਰੁਪਏ ਰੱਖਣ ਅਤੇ ਅਜਿਹੇ ਕਈ ਪ੍ਰੋਗਰਾਮਾਂ ਦੀ ਮਦਦ ਨਾਲ 13.5 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ’ਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਇਸ ਤੋਂ ਵੱਧ ਸੰਤੁਸ਼ਟੀ ਕਿਸੇ ਹੋਰ ਚੀਜ਼ ਨਾਲ ਨਹੀਂ ਮਿਲ ਸਕਦੀ। ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਅਪਣੇ 10ਵੇਂ ਸੰਬੋਧਨ ’ਚ ਕਿਹਾ ਕਿ 20 ਲੱਖ ਕਰੋੜ ਰੁਪਏ ਤੋਂ ਵੱਧ ਦੇ ਬਜਟ ਵਾਲੀ ਮੁਦਰਾ ਯੋਜਨਾ ਨੇ ਦੇਸ਼ ਦੇ ਨੌਜੁਆਨਾਂ ਲਈ ਸਵੈਰੁਜ਼ਗਾਰ, ਕਾਰੋਬਾਰ ਅਤੇ ਉੱਦਮ ਦੇ ਮੌਕੇ ਪ੍ਰਦਾਨ ਕੀਤੇ ਹਨ।
ਉਨ੍ਹਾਂ ਕਿਹਾ ਕਿ ਲਗਭਗ ਅੱਠ ਕਰੋੜ ਲੋਕਾ ਨੇ ਨਵੇਂ ਕਾਰੋਬਾਰ ਸ਼ੁਰੂ ਕੀਤੇ ਹਨ ਅਤੇ ਹਰ ਉੱਦਮੀ ਨੇ ਇਕ ਜਾਂ ਦੋ ਵਿਅਕਤੀਆਂ ਨੂੰ ਰੁਜ਼ਗਾਰ ਦਿਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਕੌਮਾਂਤਰੀ ਮਹਾਮਾਰੀ ਦੌਰਾਨ ਸਰਕਾਰ ਵਲੋਂ ਕਾਰੋਬਾਰਾਂ ਦੀ ਮਦਦ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐਮ.ਐਸ.ਐਮ.ਈ.) ਨੂੰ ਲਗਭਗ 3.5 ਲੱਖ ਕਰੋੜ ਰੁਪਏ ਦੀ ਹਮਾਇਤ ਦੇ ਕੇ ਉਨ੍ਹਾਂ ਨੂੰ ਡੁੱਬਣ ਤੋਂ ਬਚਾਇਆ ਗਿਆ।