
ਸਰਕਾਰ ਸ਼ੁਰੂ ਕਰੇਗੀ ਯੋਜਨਾ, ਸ਼ਹਿਰਾਂ ’ਚ ਖ਼ੁਦ ਦਾ ਘਰ ਚਾਹੁਣ ਵਾਲੇ ‘ਮਿਡਲ ਕਲਾਸ’ ਦੇ ਲੋਕਾਂ ਨੂੰ ਬੈਂਕ ਕਰਜ਼ੇ ’ਚ ਮਿਲੇਗੀ ਰਾਹਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਹਿਰਾਂ ’ਚ ‘ਅਪਣਾ ਘਰ’ ਦਾ ਸੁਪਨਾ ਵੇਖਣ ਵਾਲੇ ਲੋਕਾਂ ਲਈ ਸਰਕਾਰ ਛੇਤੀ ਹੀ ਇਕ ਯੋਜਨਾ ਲਿਆਵੇਗੀ ਅਤੇ ਇਸ ਰਾਹੀਂ ਬੈਂਕ ਕਰਜ਼ ’ਚ ਰਾਹਤ ਦਿਤੀ ਜਾਵੇਗੀ। ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਸ਼ਹਿਰਾਂ ’ਚ ਰਹਿਣ ਵਾਲੇ ਦਰਮਿਆਨੀ ਆਮਦਨ ਵਾਲੇ ਵਰਗ ਦੇ ਅਜਿਹੇ ਲੋਕਾਂ ਲਈ ਛੇਤੀ ਹੀ ਇਕ ਯੋਜਨਾ ਲਿਆਵੇਗੀ ਜਿਨ੍ਹਾਂ ਕੋਲ ਅਪਣੀ ਰਿਹਾਇਸ਼ ਨਹੀਂ ਹੈ।
ਅਜੇ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦਾ ਮੰਤਰਾਲਾ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ-ਸ਼ਹਿਰੀ (ਪੀ.ਐਮ.ਏ.ਵਾਈ.-ਯੂ) ਨੂੰ ਲਾਗੂ ਕਰ ਰਿਹਾ ਹੈ ਜਿਸ ਦੀ ਸ਼ੁਰੂਆਤ 25 ਜੂਨ, 2015 ਨੂੰ ਹੋਈ ਸੀ। ਇਸ ਸਾਲ 31 ਜੁਲਾਈ ਤਕ ਪੀ.ਐਮ.ਏ.ਵਾਈ.-ਯੂ ਹੇਠ 1.18 ਕਰੋੜ ਮਕਾਨ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ’ਚੋਂ 76.02 ਲੱਖ ਮਕਾਨ ਲਾਭਪਾਤਰੀਆਂ ਨੂੰ ਵੰਡੇ ਜਾ ਚੁੱਕੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਮਿਡਲ ਕਲਾਸ ਲੋਕਾਂ ਲਈ ਅਸੀਂ ਇਕ ਯੋਜਨਾ ਲੈ ਕੇ ਆ ਰਹੇ ਹਾਂ। ਜੋ ਲੋਕ ਸ਼ਹਿਰਾਂ ’ਚ ਰਹਿੰਦੇ ਹਨ ਪਰ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ, ਝੁੱਗੀਆਂ-ਝੋਪੜੀਆਂ ’ਚ ਰਹਿੰਦੇ ਹਨ, ਨਾਜਾਇਜ਼ ਕਾਲੋਨੀਆਂ ’ਚ ਰਹਿੰਦੇ ਹਨ, ਅਜਿਹੇ ਲੋਕ ਜੇਕਰ ਅਪਣਾ ਮਕਾਨ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬੈਂਕ ਤੋਂ ਜੋ ਕਰਜ਼ ਮਿਲੇਗਾ, ਉਸ ਦੇ ਵਿਆਜ ’ਚ ਰਾਹਤ ਦੇ ਕੇ ਅਸੀਂ ਲੱਖਾਂ ਰੁਪਏ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ।’’