
Chhattisgarh News: ਪੁਲਿਸ ਨੇ ਦਸਿਆ ਕਿ ਕਤਲ ਦੇ ਸਬੰਧ ’ਚ ਉਸੇ ਪਿੰਡ ਦੇ ਪੰਜ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ
Chhattisgarh News: ਛੱਤੀਸਗੜ੍ਹ ਦੇ ਕਬਾਇਲੀ ਬਹੁਲ ਸੁਕਮਾ ਜ਼ਿਲ੍ਹੇ ਦੇ ਇਕ ਪਿੰਡ ’ਚ ਜਾਦੂ-ਟੋਣਾ ਕਰਨ ਦੇ ਸ਼ੱਕ ’ਚ ਦੋ ਜੋੜਿਆਂ ਅਤੇ ਇਕ ਔਰਤ ਦੀ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਪੁਲਿਸ ਨੇ ਦਸਿਆ ਕਿ ਕਤਲ ਦੇ ਸਬੰਧ ’ਚ ਉਸੇ ਪਿੰਡ ਦੇ ਪੰਜ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਕੋਨਟਾ ਥਾਣਾ ਖੇਤਰ ਦੇ ਏਕਤਾਲ ਪਿੰਡ ’ਚ ਵਾਪਰੀ ਅਤੇ ਮ੍ਰਿਤਕਾਂ ਦੀ ਪਛਾਣ ਮੌਸਮ ਕੰਨਾ (34), ਉਸ ਦੀ ਪਤਨੀ ਮੌਸਮ ਬੀਰੀ, ਮੌਸਮ ਬੁਚਾ (34), ਉਸ ਦੀ ਪਤਨੀ ਮੌਸਮ ਆਰਜੂ (32) ਅਤੇ ਇਕ ਹੋਰ ਔਰਤ ਕਰਕਾ ਲੱਛੀ (43) ਵਜੋਂ ਹੋਈ ਹੈ।
ਸੂਚਨਾ ਮਿਲਣ ’ਤੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਮੁਲਜ਼ਮਾਂ ਦੀ ਪਛਾਣ ਸਾਵਲਮ ਰਾਜੇਸ਼ (21), ਸਾਵਲਮ ਹਿਡਮਾ, ਕਰਮ ਸਤਿਅਮ (35), ਕੁੰਜਮ ਮੁਕੇਸ਼ (28) ਅਤੇ ਪੋਡੀਅਮ ਐਨਕਾ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਦੀ ਇਕ ਘਟਨਾ ਵੀਰਵਾਰ ਨੂੰ ਸੂਬੇ ਦੇ ਬਲੌਦਾਬਾਜ਼ਾਰ-ਭਾਟਪਾੜਾ ਜ਼ਿਲ੍ਹੇ ’ਚ ਸਾਹਮਣੇ ਆਈ, ਜਿਸ ’ਚ ਜਾਦੂ-ਟੋਣਾ ਕਰਨ ਦੇ ਸ਼ੱਕ ’ਚ ਇਕ 11 ਮਹੀਨੇ ਦੇ ਬੱਚੇ ਸਮੇਤ ਇਕ ਪਰਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰ ਦਿਤੀ ਗਈ।