ਕੀ ਆਤਿਸ਼ੀ ਬਣੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ ?
Delhi New CM News : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਦਿੱਲੀ ਦੇ ਸੀਐਮ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਆਤਿਸ਼ੀ ਮਰਲੇਨਾ ਦਾ ਨਾਂ ਦੱਸਿਆ ਜਾ ਰਿਹਾ ਹੈ। ਆਤਿਸ਼ੀ ਨੂੰ ਦਿੱਲੀ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।
ਆਤਿਸ਼ੀ ਨੂੰ ਮੁੱਖ ਮੰਤਰੀ ਕੇਜਰੀਵਾਲ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਆਤਿਸ਼ੀ ਨੂੰ ਸ਼ਾਸਨ ਦੇ ਨਾਲ-ਨਾਲ ਸੰਗਠਨ ਦਾ ਵੀ ਕਾਫ਼ੀ ਲੰਬਾ ਤਜਰਬਾ ਹੈ। ਸੀਐਮ ਅਹੁਦੇ ਦੀ ਦੌੜ ਵਿੱਚ ਸੌਰਭ ਭਾਰਦਵਾਜ ਅਤੇ ਗੋਪਾਲ ਰਾਏ ਦੇ ਨਾਂ ਵੀ ਚਰਚਾ ਵਿੱਚ ਹਨ ਪਰ ਆਤਿਸ਼ੀ ਇਸ ਸਭ 'ਤੇ ਭਾਰੀ ਪੈ ਰਹੀ ਹੈ। ਆਤਿਸ਼ੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ। ਮੰਤਰੀ ਆਤਿਸ਼ੀ ਕੋਲ ਦਿੱਲੀ ਦੀ 'ਆਪ' ਸਰਕਾਰ 'ਚ ਕਈ ਵਿਭਾਗ ਹਨ।
ਆਤਿਸ਼ੀ ਨੇ ਕੀ ਕਿਹਾ?
ਆਤਿਸ਼ੀ ਨੇ ਕਿਹਾ, 'ਅਰਵਿੰਦ ਕੇਜਰੀਵਾਲ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਇਮਾਨਦਾਰੀ ਦੇ ਸਹਾਰੇ ਇਸ ਪਾਰਟੀ ਨੂੰ ਖੜਾ ਕੀਤਾ ਹੈ। ਉਹ ਉਹੀ ਮੁੱਖ ਮੰਤਰੀ ਹਨ, ਜਿਨ੍ਹਾਂ ਨੇ 2013 ਵਿੱਚ ਲੋਕਪਾਲ ਬਿੱਲ ਪਾਸ ਨਾ ਹੋਣ 'ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤਾਂ ਫਿਰ ਉਹ ਆਦਮੀ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਕਿ ਉਸ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ?
ਜਦੋਂ ਆਤਿਸ਼ੀ ਤੋਂ ਪੁੱਛਿਆ ਗਿਆ ਕਿ ਕੀ ਉਹ ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ ਤਾਂ ਆਤਿਸ਼ੀ ਨੇ ਕਿਹਾ, 'ਇਹ ਵਿਧਾਇਕ ਦਲ ਦੀ ਬੈਠਕ ਹੋਵੇਗੀ, ਜਿਸ 'ਚ ਇਹ ਤੈਅ ਕੀਤਾ ਜਾਵੇਗਾ ਕਿ ਅੱਗੇ ਕੀ ਕਰਨਾ ਹੈ। ਅਸੀਂ ਮੰਗ ਕੀਤੀ ਹੈ ਕਿ ਚੋਣਾਂ ਨਵੰਬਰ ਵਿੱਚ ਕਰਵਾਈਆਂ ਜਾਣ। ਸਾਡੀ ਮੰਗ ਹੈ ਕਿ ਮਹਾਰਾਸ਼ਟਰ ਦੇ ਨਾਲ-ਨਾਲ ਦਿੱਲੀ ਵਿੱਚ ਵੀ ਚੋਣਾਂ ਕਰਵਾਈਆਂ ਜਾਣ। ਅਸੀਂ ਜਨਤਾ ਤੋਂ ਫ਼ੈਸਲਾ ਹੁਣੇ ਚਾਹੁੰਦੇ ਹਾਂ ਕਿ ਅਦਾਲਤ ਨੇ ਆਪਣਾ ਫੈਸਲਾ ਦੇ ਦਿੱਤਾ ਹੈ, ਉਸੇ ਤਰ੍ਹਾਂ ਅਸੀਂ ਹੁਣ ਦਿੱਲੀ ਦੇ ਲੋਕਾਂ ਦਾ ਫੈਸਲਾ ਚਾਹੁੰਦੇ ਹਾਂ।
ਦੱਸ ਦੇਈਏ ਕਿ ਜੇਲ ਤੋਂ ਬਾਹਰ ਆਉਂਦੇ ਹੀ ਸੀਐਮ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ਮੈਂ ਦੋ ਦਿਨਾਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ ਅਤੇ ਇਸ ਕੁਰਸੀ 'ਤੇ ਉਦੋਂ ਤੱਕ ਨਹੀਂ ਬੈਠਾਂਗਾ ਜਦੋਂ ਤੱਕ ਲੋਕ ਖੁਦ ਮੈਨੂੰ ਇਸ 'ਤੇ ਨਹੀਂ ਬਿਠਾ ਦਿੰਦੇ।
ਉਨ੍ਹਾਂ ਕਿਹਾ ਕਿ ਮੈਂ ਅਗਲੇ ਦੋ ਦਿਨਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ ਪਰ ਦਿੱਲੀ ਵਿਧਾਨ ਸਭਾ ਭੰਗ ਨਹੀਂ ਹੋਵੇਗੀ।ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਥਾਂ 'ਤੇ ਆਮ ਆਦਮੀ ਪਾਰਟੀ ਦਾ ਹੀ ਕੋਈ ਵਿਧਾਇਕ ਮੁੱਖ ਮੰਤਰੀ ਬਣੇਗਾ। ਦੂਜੇ ਪਾਸੇ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨਵੰਬਰ ਵਿੱਚ ਦਿੱਲੀ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੀ ਇਸ ਦੌਰਾਨ ਕੋਈ ਜ਼ਿੰਮੇਵਾਰੀ ਨਹੀਂ ਲੈਣਗੇ। ਮੈਂ ਅਤੇ ਸਿਸੋਦੀਆ ਜਨਤਾ ਵਿਚਕਾਰ ਜਾਵਾਂਗੇ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ।