
ਸਿੰਗਾਪੁਰ 'ਚ ਫ਼ੈਲੀ COVID-19 ਦੀ ਨਵੀਂ ਕਿਸਮ ਐਕਸ.ਬੀ.ਬੀ. (XBB), ਆਉਂਦੇ ਦਿਨਾਂ 'ਚ ਆ ਸਕਦੇ ਹਨ 15 ਹਜ਼ਾਰ ਕੇਸ ਹਰ ਰੋਜ਼
ਸਿੰਗਾਪੁਰ - ਸਿੰਗਾਪੁਰ ਵਿੱਚ ਕੋਰੋਨਾ ਮਹਾਮਾਰੀ ਦੀ ਮੌਜੂਦਾ ਲਹਿਰ ਦੇ ਨਵੰਬਰ ਦੇ ਅੱਧ ਵਿੱਚ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ ਹੈ, ਅਤੇ ਇਸ ਦੌਰਾਨ ਰੋਜ਼ਾਨਾ 15,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸਿੰਗਾਪੁਰ ਵਿੱਚ ਵੱਧ ਰਹੇ ਮਾਮਲਿਆਂ ਲਈ ਕੋਰੋਨਾ ਵਾਇਰਸ ਦੀ ਐਕਸ.ਬੀ.ਬੀ. (XBB) ਉਪ-ਕਿਸਮ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਹਾਲਾਂਕਿ, ਸੰਕਰਮਣ ਦੀਆਂ ਪਿਛਲੀਆਂ ਲਹਿਰਾਂ ਦੇ ਅਧਾਰ 'ਤੇ, ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੰਗਾਪੁਰ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਵਿੱਚ ਵਾਧੇ ਨਾਲ ਨਜਿੱਠਣ ਲਈ ਦੇਸ਼ ਦਾ ਸਿਹਤ ਬੁਨਿਆਦੀ ਢਾਂਚਾ ਕਾਫ਼ੀ ਮਜ਼ਬੂਤ ਹੈ। ਇੱਕ ਚੈਨਲ ਦੀ ਖ਼ਬਰ ਮੁਤਾਬਿਕ ਸਿੰਗਾਪੁਰ 'ਚ ਇਸ ਸਮੇਂ ਕੋਰੋਨਾ ਵਾਇਰਸ ਦੀ ਐਕਸ.ਬੀ.ਬੀ. (XBB) ਉਪ-ਕਿਸਮ ਕਾਰਨ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ 'ਚ 3 ਅਤੇ 9 ਅਕਤੂਬਰ ਵਿਚਕਾਰ ਰਿਪੋਰਟ ਕੀਤੇ ਗਏ ਕੁੱਲ ਮਾਮਲਿਆਂ 'ਚ 54 ਫ਼ੀਸਦੀ ਇਸੇ ਉਪ-ਕਿਸਮ ਦੇ ਦੱਸੇ ਜਾ ਰਹੇ ਹਨ।
ਕੋਰੋਨਾਵਾਇਰਸ ਦੀ ਐਕਸ.ਬੀ.ਬੀ. ਉਪ-ਕਿਸਮ ਦਾ ਪਹਿਲੀ ਵਾਰ ਅਗਸਤ ਮਹੀਨੇ 'ਚ ਪਤਾ ਲੱਗਿਆ ਸੀ। ਹੁਣ ਤੱਕ ਇਹ ਆਸਟ੍ਰੇਲੀਆ, ਡੈਨਮਾਰਕ, ਭਾਰਤ ਅਤੇ ਜਾਪਾਨ ਸਮੇਤ ਦੁਨੀਆ ਦੇ 17 ਦੇਸ਼ਾਂ ਵਿੱਚ ਫ਼ੈਲ ਚੁੱਕਿਆ ਹੈ। ਸਿੰਗਾਪੁਰ ਦੇ ਸਿਹਤ ਮੰਤਰੀ ਨੇ ਕਿਹਾ, “ਇਹ ਲਹਿਰ ਥੋੜ੍ਹੇ ਸਮੇਂ ਲਈ ਹੋਵੇਗੀ, ਪਰ ਮਾਮਲੇ ਬਹੁਤ ਜ਼ਿਆਦਾ ਹੋਣਗੇ। ਨਵੰਬਰ ਦੇ ਅੱਧ ਤੱਕ ਦੇਸ਼ 'ਚ ਕੋਵਿਡ-19 ਦੇ ਲਗਭਗ 15,000 ਮਾਮਲੇ ਰੋਜ਼ਾਨਾ ਸਾਹਮਣੇ ਆ ਸਕਦੇ ਹਨ। ਸਿੰਗਾਪੁਰ ਵਿੱਚ ਹੁਣ ਤੱਕ ਕੋਵਿਡ-19 ਦੇ 1,997,847 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਇਸ ਮਹਾਮਾਰੀ ਕਾਰਨ 1,641 ਲੋਕਾਂ ਦੀ ਮੌਤ ਹੋ ਚੁੱਕੀ ਹੈ।