
ਵਿਅਕਤੀ ਵਿਰੁਧ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦਾ ਦੋਸ਼ ਰੱਦ ਕੀਤਾ
ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਲੰਮੇ ਸਮੇਂ ਤੋਂ ਸਹਿਮਤੀ ਨਾਲ ਚੱਲ ਰਹੇ ਵਿਭਚਾਰ, ਜਿਸ ’ਚ ਸ਼ੁਰੂਆਤ ਤੋਂ ਹੀ ਧੋਖਾਧੜੀ ਦਾ ਕੋਈ ਤੱਤ ਮੌਜੂਦ ਨਹੀਂ ਸੀ, ਜਬਰ ਜਨਾਹ ਨਹੀਂ ਹੈ।
ਅਦਾਲਤ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਔਰਤ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਦੇ ਦੋਸ਼ ’ਚ ਇਕ ਵਿਅਕਤੀ ਵਿਰੁਧ ਅਪਰਾਧਕ ਮਾਮਲਾ ਰੱਦ ਕਰ ਦਿਤਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਵਿਆਹ ਦੇ ਵਾਅਦੇ ’ਤੇ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣਾ ਉਦੋਂ ਤਕ ਜਬਰ ਜਨਾਹ ਨਹੀਂ ਹੈ ਜਦੋਂ ਤਕ ਇਹ ਸਾਬਤ ਨਹੀਂ ਹੁੰਦਾ ਕਿ ਅਜਿਹਾ ਝੂਠਾ ਵਾਅਦਾ ਸ਼ੁਰੂ ਤੋਂ ਹੀ ਕੀਤਾ ਗਿਆ ਸੀ।
ਅਦਾਲਤ ਨੇ ਕਿਹਾ, ‘‘ਜਦੋਂ ਤਕ ਇਹ ਦੋਸ਼ ਨਹੀਂ ਲਗਾਇਆ ਜਾਂਦਾ ਕਿ ਅਜਿਹੇ ਰਿਸ਼ਤੇ ਦੀ ਸ਼ੁਰੂਆਤ ਤੋਂ ਹੀ ਦੋਸ਼ੀ ਵਲੋਂ ਅਜਿਹਾ ਵਾਅਦਾ ਕਰਨ ਵਿਚ ਧੋਖਾਧੜੀ ਦਾ ਕੋਈ ਤੱਤ ਹੈ, ਇਸ ਨੂੰ ਵਿਆਹ ਦਾ ਝੂਠਾ ਵਾਅਦਾ ਨਹੀਂ ਮੰਨਿਆ ਜਾਵੇਗਾ।’’
ਜਸਟਿਸ ਅਨੀਸ਼ ਕੁਮਾਰ ਗੁਪਤਾ ਨੇ ਸ਼੍ਰੇਅ ਗੁਪਤਾ ਵਲੋਂ ਦਾਇਰ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਮੁਰਾਦਾਬਾਦ ਦੀ ਅਦਾਲਤ ’ਚ ਵਿਚਾਰ ਅਧੀਨ ਅਪਰਾਧਕ ਕੇਸ ਨੂੰ ਰੱਦ ਕਰ ਦਿਤਾ। ਇਕ ਔਰਤ ਦੀ ਸ਼ਿਕਾਇਤ ’ਤੇ ਪਟੀਸ਼ਨਕਰਤਾ ਵਿਰੁਧ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਤੱਥਾਂ ’ਤੇ ਗੌਰ ਕਰਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਔਰਤ ਅਤੇ ਦੋਸ਼ੀ ਵਿਅਕਤੀ ਵਿਚਾਲੇ ਸਰੀਰਕ ਸਬੰਧ ਉਸ ਸਮੇਂ ਤੋਂ ਲਗਭਗ 12-13 ਸਾਲਾਂ ਤਕ ਜਾਰੀ ਰਹੇ ਜਦੋਂ ਉਸ ਦਾ ਪਤੀ ਜ਼ਿੰਦਾ ਸੀ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਔਰਤ ਨੇ ਅਪਣੀ ਉਮਰ ਤੋਂ ਬਹੁਤ ਘੱਟ ਉਮਰ ਦੇ ਵਿਅਕਤੀ ’ਤੇ ਅਣਉਚਿਤ ਪ੍ਰਭਾਵ ਪਾਇਆ ਸੀ, ਜੋ ਉਸ ਦੇ ਪਤੀ ਦੀ ਕੰਪਨੀ ਦਾ ਕਰਮਚਾਰੀ ਸੀ।