
ਫਿਲਹਾਲ ਘਰ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ
ਨਵੀਂ ਦਿੱਲੀ - ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਕਿਤਾਬ ਨੂੰ ਲੈ ਕੇ ਸ਼ੁਰੂ ਹੋਇਆ ਹੰਗਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਿੰਦੂਤਵ ਬਾਰੇ ਕੀਤੀਆਂ ਟਿੱਪਣੀਆਂ ਤੋਂ ਨਾਰਾਜ਼ ਬਜਰੰਗ ਦਲ ਦੇ ਆਗੂਆਂ ਨੇ ਸੋਮਵਾਰ ਨੂੰ ਨੈਨੀਤਾਲ ਜ਼ਿਲ੍ਹੇ ਵਿਚ ਖੁਰਸ਼ੀਦ ਦੇ ਘਰ ਦੀ ਭੰਨਤੋੜ ਕੀਤੀ। ਇੰਨਾ ਹੀ ਨਹੀਂ ਉਸ ਦੇ ਘਰ ਨੂੰ ਅੱਗ ਵੀ ਲਗਾ ਦਿੱਤੀ ਗਈ ਪਰ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ।
Congress's Salman Khurshid's BOOK
ਜਾਣਕਾਰੀ ਮੁਤਾਬਕ ਬਜਰੰਗ ਦਲ ਦੇ 20 ਤੋਂ ਵੱਧ ਵਰਕਰ ਮੁਕਤੇਸ਼ਵਰ ਤੋਂ ਅੱਗੇ ਇਲਾਕੇ ਸਤਖੋਲ ਸਥਿਤ ਸਲਮਾਨ ਖੁਰਸ਼ੀਦ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਘਰ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਖੁਰਸ਼ੀਦ ਦੇ ਕੇਅਰਟੇਕਰ ਸੁੰਦਰ ਰਾਮ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ।
Salman Khurshid
ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਆਪਣੀ ਕਿਤਾਬ 'ਸਨਰਾਈਜ਼ ਓਵਰ ਅਯੁੱਧਿਆ' ਨੂੰ ਲੈ ਕੇ ਵਿਵਾਦਾਂ 'ਚ ਘਿਰੋ ਹੋਏ ਹਨ। ਆਪਣੀ ਕਿਤਾਬ ਵਿੱਚ ਖੁਰਸ਼ੀਦ ਨੇ ਹਿੰਦੂਤਵ ਦੀ ਤੁਲਨਾ ਅੱਤਵਾਦੀ ਸੰਗਠਨਾਂ ਆਈਐਸਆਈਐਸ ਅਤੇ ਬੋਕੋ ਹਰਮ ਨਾਲ ਕੀਤੀ ਹੈ ਅਤੇ ਹਿੰਦੂਤਵ ਦੀ ਰਾਜਨੀਤੀ ਨੂੰ ਖ਼ਤਰਨਾਕ ਕਰਾਰ ਦਿੱਤਾ ਹੈ। ਫਿਲਹਾਲ ਘਰ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਹੈ।
Salman Khurshid
ਘਰ 'ਤੇ ਹੋਏ ਹਮਲੇ ਤੋਂ ਬਾਅਦ ਖੁਰਸ਼ੀਦ ਨੇ ਕਿਹਾ ਕਿ ਇਹ ਹਮਲਾ ਮੇਰੇ 'ਤੇ ਨਹੀਂ, ਹਿੰਦੂ ਧਰਮ 'ਤੇ ਹੈ। ਮੇਰੇ ਘਰ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਹਨ। ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਮੈਂ ਸਹੀ ਸੀ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੁੱਛਿਆ ਕਿ ਕੀ ਮੇਰਾ ਇਹ ਕਹਿਣਾ ਗਲਤ ਹੈ ਕਿ ਇਹ ਹਿੰਦੂ ਧਰਮ ਨਹੀਂ ਹੋ ਸਕਦਾ?