
ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
ਨਵੀਂ ਦਿੱਲੀ : ਦਿੱਲੀ ਮਹਿਲਾ ਕਮਿਸ਼ਨ (ਡੀ. ਸੀ. ਡਬਲਯੂ.) ਦੀ ਮੁਖੀ ਸਵਾਤੀ ਮਾਲੀਵਾਲ ਨੇ ਅਭਿਨੇਤਰੀ ਕੰਗਨਾ ਰਣੌਤ ਨੂੰ ਦਿਤੇ ਪਦਮ ਸ਼੍ਰੀ ਐਵਾਰਡ ਨੂੰ ਵਾਪਸ ਲੈਣ ਦੀ ਬੇਨਤੀ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖੀ।
Kangana Ranaut
ਰਣੌਤ ਨੇ ਕਥਿਤ ਤੌਰ ’ਤੇ ਦੇਸ਼ ਦੀ ਆਜ਼ਾਦੀ ’ਤੇ ਵਿਵਾਦਪੁੂਰਨ ਟਿਪਣੀ ਕੀਤੀ ਸੀ। ਉਨ੍ਹਾਂ ਨੇ ਵੀਰਵਾਰ ਨੂੰ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿਤਾ ਕਿ ਭਾਰਤ ਨੂੰ ‘ਅਸਲੀ ਆਜ਼ਾਦੀ’ 2014 ’ਚ ਮਿਲੀ ਅਤੇ 1947 ’ਚ ਦੇਸ਼ ਨੂੰ ‘ਭੀਖ’ ਮਿਲੀ ਸੀ। ਜ਼ਿਕਰਯੋਗ ਹੈ ਕਿ ਸਾਲ 2014 ਵਿਚ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ।
DCW Chairperson Swati Maliwal
ਮਾਲੀਵਾਲ ਨੇ ਅਪਣੀ ਚਿੱਠੀ ਵਿਚ ਲਿਖਿਆ ਕਿ ਅਭਿਨੇਤਰੀ ਨੇ ਦੇਸ਼ ਦੇ ਆਜ਼ਾਦੀ ਘੁਲਾਟਿਆਂ ਦਾ ਅਪਮਾਨ ਕਰਦੇ ਹੋਏ ਬਿਆਨ ਦਿਤਾ। ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਰਣੌਤ ਵਿਰੁਧ ਰਾਜ ਧਰੋਹ ਦਾ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਲਿਖਿਆ ਕਿ ਇਨ੍ਹਾਂ ਬਿਆਨਾਂ ਤੋਂ ਪਤਾ ਲਗਦਾ ਹੈ ਕਿ ਕੰਗਨਾ ਅੰਦਰ ਭਗਤ ਸਿੰਘ, ਮਹਾਤਮਾ ਗਾਂਧੀ ਵਰਗੇ ਸਾਡੇ ਕਈ ਆਜ਼ਾਦੀ ਘੁਲਾਟਿਆਂ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਹੈ, ਜਿਨ੍ਹਾਂ ਨੇ ਦੇਸ਼ ਲਈ ਅਪਣੀ ਜਾਨ ਦੇ ਦਿਤੀ।
Kangana Ranaut
ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਹਾਨ ਆਜ਼ਾਦੀ ਘੁਲਾਟਿਆਂ ਦੀ ਕੁਰਬਾਨੀ ਕਾਰਨ ਸਾਨੂੰ ਬਿ੍ਰਟਿਸ਼ ਰਾਜ ਤੋਂ ਆਜ਼ਾਦੀ ਮਿਲੀ। ਮਾਲੀਵਾਲ ਨੇ ਰੇਖਾਂਕਿਤ ਕੀਤਾ ਕਿ ਰਣੌਤ ਦੇ ਬਿਆਨ ਨਾਲ ਲੱਖਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਿਆ ਹੈ। ਉਨ੍ਹਾਂ ਜੋ ਕਿਹਾ ਉਹ ਰਾਜ ਧਰੋਹ ਦੀ ਸ਼੍ਰੇਣੀ ਵਿਚ ਆਉਂਦਾ ਹੈ।
DCW Chairperson Swati Maliwal
ਮਾਲੀਵਾਲ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਨੂੰ ਅਪਣੇ ਧਿਆਨ ਵਿਚ ਲੈਣ ਅਤੇ ਰਣੌਤ ਨੂੰ ਪ੍ਰਦਾਨ ਕੀਤਾ ਗਿਆ ਪਦਮ ਸ਼੍ਰੀ ਐਵਾਰਡ ਵਾਪਸ ਲਿਆ ਜਾਵੇ। ਕਮਿਸ਼ਨ ਪ੍ਰਧਾਨ ਨੇ ਚਿੱਠੀ ਵਿਚ ਲਿਖਿਆ ਕਿ ਰਣੌਤ ਵਿਰੁਧ ਰਾਜ ਧਰੋਹ ਦਾ ਮਾਮਲਾ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ।