
ਇਸ ਹਾਦਸੇ 'ਚ ਦੋਨਾਂ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ।
ਕਰਨਾਲ- ਕਰਨਾਲ ਦੇ ਤਰਾਵੜੀ ਫਲਾਈਓਵਰ ਤੇ ਇੱਕ ਭਿਆਨਕ ਹਾਦਸੇ 'ਚ ਦੋ ਕਿਸਾਨਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਕਿਸਾਨ ਸਿੰਘੂ ਬਾਰਡਰ ਤੋਂ ਪੰਜਾਬ ਪਰਤ ਰਹੇ ਸਨ ਤੇ ਸੜਕ ਹਾਦਸੇ ਵਿਚ ਇਨ੍ਹਾਂ ਕਿਸਾਨਾਂ ਦੀ ਦੁਖਦਾਈ ਮੌਤ ਹੋ ਗਈ ਅਤੇ ਚਾਰ-ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਕਲਪਨਾ ਚਾਵਲਾ ਸਟੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਕਿਸਾਨ ਪਟਿਆਲਾ ਦੇ ਪਿੰਡ ਸਪੇੜਾ ਦੀ ਰਹਿਣ ਵਾਲੇ ਸੀ। ਇਹ ਕਿਸਾਨ ਦਿੱਲੀ ਧਰਨੇ 'ਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਜਾ ਰਹੇ ਸੀ। ਇਸ ਦੌਰਾਨ ਇੱਕ ਟਰੱਕ ਨੇ ਟਰੈਕਟਰ ਟਰਾਲੀ ਨੂੰ ਪਿਛੋਂ ਦੀ ਟੱਕਰ ਮਾਰ ਦਿੱਤੀ। ਜਿਸ ਕਾਰਨ ਟਰੈਕਟਰ-ਟਰਾਲੀ ਪਲਟ ਗਏ ਅਤੇ ਲਾਭ ਸਿੰਘ ਤੇ ਗੁਰਪ੍ਰੀਤ ਸਿੰਘ ਨਾਮੀ ਦੋ ਕਿਸਾਨਾਂ ਦੀ ਮੌਤ ਹੋ ਗਈ ਅਤੇ ਕਈ ਕਿਸਾਨ ਜਖ਼ਮੀ ਹੋ ਗਏ, ਜਿਨ੍ਹਾਂ 'ਚੋਂ ਇਕ ਦੀ ਹਾਲਤ ਵਧੇਰੇ ਨਾਜ਼ੁਕ ਬਣੀ ਹੋਈ ਹੈ।
ਮ੍ਰਿਤਕਾ ਦੀ ਪਛਾਣ 24 ਸਾਲਾ ਗੁਰਪ੍ਰੀਤ ਤੇ 64 ਸਾਲਾ ਲਾਭ ਸਿੰਘ ਵਜੋਂ ਹੋਈ ਹੈ। ਦੋਨੋਂ ਇੱਕੋ ਪਿੰਡ ਦੇ ਵਾਸੀ ਸੀ। ਗੁਰਪ੍ਰੀਤ ਆਪਣੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ। ਇਹ ਕਿਸਾਨ ਖੇਤੀ ਕਾਨੂੰਨਾਂ ਵਿਰੁਧ ਲੜਾਈ 'ਚ ਸ਼ਾਮਲ ਹੋਣ ਲਈ ਦਿੱਲੀ ਗਏ ਸੀ।
ਉਸ ਨੂੰ ਇਲਾਜ ਲਈ ਪਟਿਆਲਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਹਾਦਸੇ 'ਚ ਦੋਨਾਂ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।