
ਡਰਾ ਧਮਕਾ ਕੇ ਦਲਾਲ ਜ਼ਰੀਏ ਮੰਗੇ ਸਨ ਪੈਸੇ
ਵਧੀਕ SP ਨੇ ਮੰਗੀ 2 ਕਰੋੜ ਦੀ ਰਿਸ਼ਵਤ?
ਡਰਾ ਧਮਕਾ ਕੇ ਦਲਾਲ ਜ਼ਰੀਏ ਮੰਗੇ ਸਨ ਪੈਸੇ
*******
ਜੈਪੁਰ : 2 ਕਰੋੜ ਦੀ ਰਿਸ਼ਵਤ ਮੰਗ ਕੇ ਤੰਗ ਕਰਨ ਦੇ ਮਾਮਲੇ ਵਿਚ ਜੈਪੁਰ ਏਸੀਬੀ ਐਸਓਜੀ ਦੀ ਵਧੀਕ SP ਦਿਵਿਆ ਮਿੱਤਲ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ। ਮਿੱਤਲ 'ਤੇ ਇਕ ਦਲਾਲ ਰਾਹੀਂ ਐਨਡੀਪੀਐਸ (ਨਸ਼ਾ ਤਸਕਰੀ) ਮਾਮਲੇ ਵਿਚ ਉਸ ਨੂੰ ਧਮਕੀਆਂ ਦੇ ਕੇ ਰਿਸ਼ਵਤ ਮੰਗਣ ਦਾ ਦੋਸ਼ ਹੈ। ACB ਰਾਜਸਥਾਨ 'ਚ ਕੁੱਲ 5 ਥਾਵਾਂ 'ਤੇ ਕਾਰਵਾਈ ਕਰ ਰਹੀ ਹੈ।
ਇਸ ਕਾਰਵਾਈ ਦੌਰਾਨ ਦਿਵਿਆ ਮਿੱਤਲ ਨੇ ਕਿਹਾ ਕਿ ਡਰੱਗ ਮਾਫੀਆ 'ਤੇ ਨਜ਼ਰ ਰੱਖਣ ਦਾ ਫਲ ਮਿਲਿਆ ਹੈ। ਉਸ ਨੇ ਕੋਈ ਰਿਸ਼ਵਤ ਨਹੀਂ ਮੰਗੀ ਹੈ। ਜੈਪੁਰ ਏਸੀਬੀ ਦੇ ਐਡੀਸ਼ਨਲ ਐਸਪੀ ਬਜਰੰਗ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਏਸੀਬੀ ਹੈੱਡਕੁਆਰਟਰ ਜੈਪੁਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਕਿ ਬੇਕਸੂਰ ਹੋਣ ਦੇ ਬਾਵਜੂਦ ਉਸ ਦਾ ਨਾਮ ਨਾ ਰੱਖਣ ਬਦਲੇ ਦੋ ਕਰੋੜ ਰੁਪਏ ਦੀ ਰਿਸ਼ਵਤ ਮੰਗ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸ਼ਿਕਾਇਤਕਰਤਾ ਨੇ ACB ਨੂੰ ਦੱਸਿਆ - SOG ASP ਦਿਵਿਆ ਮਿੱਤਲ ਨੇ ਮੈਨੂੰ ਕਿਹਾ ਕਿ ਤੁਹਾਨੂੰ ਦਲਾਲ ਦਾ ਕਾਲ ਆ ਜਾਵੇਗਾ। ਇਸ ਤੋਂ ਬਾਅਦ ਮੈਨੂੰ ਬ੍ਰੋਕਰ ਦਾ ਫੋਨ ਆਇਆ। ਮੈਨੂੰ ਉਦੈਪੁਰ ਬੁਲਾਇਆ ਗਿਆ। ਉੱਥੇ ਹੀ ਦਿਵਿਆ ਮਿੱਤਲ ਦੇ ਰਿਜ਼ੋਰਟ ਅਤੇ ਫਾਰਮ ਹਾਊਸ 'ਚ ਦਲਾਲ ਨੇ ਡਰਾ ਧਮਕਾ ਕੇ ਦੋ ਕਰੋੜ ਰੁਪਏ ਦੀ ਰਿਸ਼ਵਤ ਮੰਗੀ। ਇਸ ਤੋਂ ਬਾਅਦ ਏਸੀਬੀ ਨੂੰ ਸ਼ਿਕਾਇਤ ਕੀਤੀ ਗਈ।
ਏਸੀਬੀ ਦੇ ਏਐਸਪੀ ਬਜਰੰਗ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਪੜਤਾਲ ਕੀਤੀ ਗਈ। ਪੈਸੇ ਲੈਣ ਲਈ ਦਲਾਲ ਵੀ ਆਇਆ ਸੀ ਪਰ ਕੋਈ ਕਾਰਵਾਈ ਨਹੀਂ ਹੋ ਸਕੀ। ਸੋਮਵਾਰ ਨੂੰ ਅਦਾਲਤ ਤੋਂ ਵਾਰੰਟ ਲੈ ਕੇ 5 ਥਾਵਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਅਜਮੇਰ, ਉਦੈਪੁਰ, ਝੁੰਝੁਨੂ ਅਤੇ ਜੈਪੁਰ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦਿਵਿਆ ਮਿੱਤਲ ਨੂੰ ਪਹਿਲੀ ਕਿਸ਼ਤ ਵਜੋਂ 25 ਲੱਖ ਰੁਪਏ ਦਲਾਲ ਨੂੰ ਦਿੱਤੇ ਗਏ ਸਨ। ਦਲਾਲ ਇਹ ਰਕਮ ਅਜਮੇਰ ਵਿੱਚ ਦਿਵਿਆ ਮਿੱਤਲ ਨੂੰ ਦੇਣ ਵਾਲਾ ਸੀ। ਸ਼ੱਕ ਕਾਰਨ ਰਕਮ ਨਹੀਂ ਦਿੱਤੀ ਗਈ। ਇੱਥੇ ਏ.ਸੀ.ਬੀ. ਨੇ ਇਨ੍ਹਾਂ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾਇਆ ਸੀ, ਪਰ ਅਸਫਲ ਰਿਹਾ।
ਜਦੋਂ ਏ.ਸੀ.ਬੀ. ਨੂੰ ਰਿਸ਼ਵਤ ਦੀ ਮੰਗ ਦੇ ਸਹੀ ਹੋਣ ਬਾਰੇ ਪਤਾ ਲੱਗਾ ਤਾਂ ਅਦਾਲਤ ਦੇ ਹੁਕਮਾਂ 'ਤੇ ਸਰਚ ਵਾਰੰਟ ਜਾਰੀ ਕੀਤਾ ਗਿਆ। ਦਿਵਿਆ ਮਿੱਤਲ ਦੇ ਸਾਰੇ ਟਿਕਾਣਿਆਂ 'ਤੇ ਨਾਲੋ-ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਅਜਮੇਰ 'ਚ ਜੈਪੁਰ ਰੋਡ 'ਤੇ ਸਥਿਤ ਏਆਰਜੀ ਸੋਸਾਇਟੀ 'ਚ ਦਿਵਿਆ ਦੇ ਫਲੈਟ 'ਚ ਖੁਦ ਦਿਵਿਆ ਦੇ ਸਾਹਮਣੇ ਤਲਾਸ਼ੀ ਮੁਹਿੰਮ ਚਲਾਈ ਗਈ। ਅਜਮੇਰ ਤੋਂ ਇਲਾਵਾ ਜੈਪੁਰ, ਉਦੈਪੁਰ ਅਤੇ ਝੁੰਝਨੂ 'ਚ 5 ਥਾਵਾਂ 'ਤੇ ਛਾਪੇਮਾਰੀ ਚੱਲ ਰਹੀ ਹੈ।
ਉਧਰ ਦਿਵਿਆ ਮਿੱਤਲ ਦਾ ਕਹਿਣਾ ਹੈ ਕਿ ਡਰੱਗ ਮਾਫੀਆ ਦਾ ਪਤਾ ਲਗਾਉਣ ਲਈ ਉਨ੍ਹਾਂ ਨੂੰ ਇਹ ਸਿਲ੍ਹਾ ਮਿਲਿਆ ਹੈ। ਮੈਂ ਕੋਈ ਰਿਸ਼ਵਤ ਨਹੀਂ ਮੰਗੀ ਹੈ। ਮਿੱਤਲ ਨੇ ਕਿਹਾ- ਜੇਕਰ ਮੈਂ ਰਿਸ਼ਵਤ ਮੰਗੀ ਹੁੰਦੀ ਤਾਂ ਮੈਨੂੰ ਇੱਥੇ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਹ ਸਭ ਡਰੱਗ ਮਾਫੀਆ ਦਾ ਰੈਕੇਟ ਹੈ, ਜਿਸ ਕਰ ਕੇ ਉਨ੍ਹਾਂ ਤੋਂ ਫਾਈਲ ਹਟਾਈ ਜਾਵੇ, ਕਿਉਂਕਿ ਮੈਂ ਲਗਾਤਾਰ ਇਨ੍ਹਾਂ 'ਤੇ ਨਜ਼ਰ ਰੱਖ ਰਹੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਵਿੱਚ ਅਜਮੇਰ ਜ਼ਿਲ੍ਹਾ ਪੁਲਿਸ ਦੇ ਕਈ ਅਧਿਕਾਰੀ ਸ਼ਾਮਲ ਹਨ।
ਦੱਸ ਦੇਈਏ ਕਿ ਮਈ 2021 'ਚ ਦਿਵਿਆ ਮਿੱਤਲ ਨੇ ਕਾਰਵਾਈ ਕਰਦੇ ਹੋਏ 16 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਫੜੇ ਸਨ। ਇਸ ਵਿੱਚ ਜੈਪੁਰ ਵਿੱਚ 5.5 ਕਰੋੜ ਰੁਪਏ ਦੀਆਂ ਦਵਾਈਆਂ ਅਤੇ ਅਜਮੇਰ ਵਿੱਚ ਦੋ ਵਾਰ 11 ਕਰੋੜ ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ। ਇਹ ਸਾਰੀਆਂ ਦਵਾਈਆਂ ਵੱਖ-ਵੱਖ ਬ੍ਰਾਂਡਾਂ ਦੀਆਂ ਸਨ, ਪਰ ਜ਼ਿਆਦਾਤਰ ਦਵਾਈਆਂ ਵਿੱਚ ਨਮਕ ਟ੍ਰਾਮੋਡੋਲ ਸੀ।
ਇਹ ਕਾਰਵਾਈ ਕੀਤੀ ਗਈ ਸੀ
23 ਮਈ 2021 ਨੂੰ, ਜੈਪੁਰ ਦੀ ਵਿਸ਼ਵਕਰਮਾ ਪੁਲਿਸ ਨੇ ਟਰਾਂਸਪੋਰਟ ਕੰਪਨੀ ਦੇ ਨੇੜੇ ਟੈਂਪੋ ਨੂੰ ਫੜਿਆ। ਇਸ 'ਚ ਮੁਹੰਮਦ ਤਾਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਿੱਚ ਕਰੀਬ 5 ਕਰੋੜ ਰੁਪਏ ਦੀਆਂ ਦਵਾਈਆਂ ਸਨ।
24 ਮਈ 2021 ਨੂੰ, ਰਾਮਗੰਜ, ਅਜਮੇਰ ਦੇ ਟਰਾਂਸਪੋਰਟ ਨਗਰ ਵਿੱਚ ਸਥਿਤ ਇੱਕ ਗੁਦਾਮ ਵਿੱਚ ਛਾਪਾ ਮਾਰ ਕੇ ਨਸ਼ੀਲੇ ਪਦਾਰਥਾਂ ਦੇ 114 ਡੱਬੇ ਬਰਾਮਦ ਕੀਤੇ ਗਏ ਸਨ। ਇਸ ਦੀ ਕੀਮਤ 5.5 ਕਰੋੜ ਰੁਪਏ ਦੱਸੀ ਜਾ ਰਹੀ ਹੈ।
1 ਜੂਨ, 2021 ਨੂੰ, ਰਾਮਗੰਜ ਅਤੇ ਅਲਵਰਗੇਟ ਥਾਣੇ ਨੇ ਲਗਭਗ 5 ਕਰੋੜ 53 ਲੱਖ ਰੁਪਏ ਦੀ ਕੀਮਤ ਦੇ 110 ਡੱਬੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਬਰਾਮਦ ਕੀਤੇ। ਇਸ ਵਿੱਚ 35 ਲੱਖ ਗੋਲੀਆਂ, ਟੀਕੇ ਅਤੇ ਸਿਰਪ ਸ਼ਾਮਲ ਸਨ।