
ਰੈੱਡੀ ਨੇ ਕਿਹਾ, "ਜੇਕਰ ਕਾਂਗਰਸ ਦਿੱਲੀ ਵਿੱਚ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਆਪਣੀਆਂ ਪੰਜ ਗਰੰਟੀਆਂ ਪੂਰੀਆਂ ਕਰੇਗੀ।"
Delhi Election: ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਹ ਦਿੱਲੀ ਵਿੱਚ ਸੱਤਾ ਵਿਚ ਆਉਂਦੀ ਹੈ, ਤਾਂ ਉਹ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੂੰ 500 ਰੁਪਏ ਵਿਚ ਐਲਪੀਜੀ (ਘਰੇਲੂ ਰਸੋਈ ਗੈਸ) ਸਿਲੰਡਰ, ਮੁਫ਼ਤ ਰਾਸ਼ਨ ਕਿੱਟ ਅਤੇ 300 ਯੂਨਿਟ ਤਕ ਮੁਫ਼ਤ ਬਿਜਲੀ ਪ੍ਰਦਾਨ ਕਰੇਗੀ।
ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਇਹ ਐਲਾਨ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦਿੱਲੀ ਦੇ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਅਤੇ ਕਾਂਗਰਸ ਦੀ ਦਿੱਲੀ ਇਕਾਈ ਦੇ ਮੁਖੀ ਦੇਵੇਂਦਰ ਯਾਦਵ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਰੈੱਡੀ ਨੇ ਕਿਹਾ, "ਜੇਕਰ ਕਾਂਗਰਸ ਦਿੱਲੀ ਵਿੱਚ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਆਪਣੀਆਂ ਪੰਜ ਗਰੰਟੀਆਂ ਪੂਰੀਆਂ ਕਰੇਗੀ।"
ਕਾਂਗਰਸ ਨੇ 6 ਜਨਵਰੀ ਨੂੰ ਆਪਣੀ 'ਪਿਆਰੀ ਦੀਦੀ ਯੋਜਨਾ' ਦਾ ਐਲਾਨ ਕੀਤਾ ਸੀ, ਜਿਸ ਵਿੱਚ ਸੱਤਾ ਵਿੱਚ ਆਉਣ 'ਤੇ ਦਿੱਲੀ ਦੀਆਂ ਔਰਤਾਂ ਨੂੰ 2,500 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਪਾਰਟੀ ਨੇ 8 ਜਨਵਰੀ ਨੂੰ ਆਪਣੀ 'ਜੀਵਨ ਰਕਸ਼ਾ ਯੋਜਨਾ' ਦਾ ਐਲਾਨ ਕੀਤਾ, ਜਿਸ ਵਿੱਚ 25 ਲੱਖ ਰੁਪਏ ਤਕ ਦਾ ਮੁਫ਼ਤ ਸਿਹਤ ਬੀਮਾ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਪਾਰਟੀ ਨੇ ਐਤਵਾਰ ਨੂੰ ਦਿੱਲੀ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਸਾਲ ਲਈ ਹਰ ਮਹੀਨੇ 8,500 ਰੁਪਏ ਦੇਣ ਦਾ ਵਾਅਦਾ ਵੀ ਕੀਤਾ। 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 8 ਫ਼ਰਵਰੀ ਨੂੰ ਹੋਵੇਗੀ।