ਉਸੇ ਦਿਨ ਸੀ ਜਨਮ ਦਿਨ ਪ੍ਰਵਾਰ ਨੇ ਸਸਕਾਰ ਦੀ ਥਾਂ ਕੇਕ ਕੱਟਿਆ
ਨਾਗਪੁਰ : ਨਾਗਪੁਰ ਜ਼ਿਲ੍ਹੇ ਦੇ ਰਾਮਟੇਕ ਕਸਬੇ ਵਿਚ ਮ੍ਰਿਤਕ ਮੰਨੀ ਜਾ ਰਹੀ 103 ਸਾਲਾ ਔਰਤ ਗੰਗਾਬਾਈ ਸਾਵਜੀ ਸਖਾਰੇ (Gangabai Sakhare) ਨੇ ਅਪਣੇ ਅੰਤਮ ਸਸਕਾਰ ਤੋਂ ਕੁੱਝ ਘੰਟੇ ਪਹਿਲਾਂ ਹੀ ਆਪਣੀਆਂ ਉਂਗਲਾਂ ਹਿਲਾਉਣੀਆਂ ਸ਼ੁਰੂ ਕਰ ਦਿਤੀਆਂ, ਜਿਸ ਨਾਲ ਇਹ ਪਤਾ ਲੱਗਿਆ ਕਿ ਕਿ ਉਹ ਜ਼ਿੰਦਾ ਹੈ।
ਪਰਵਾਰ ਅਨੁਸਾਰ, ਗੰਗਾਬਾਈ (Gangabai Sakhare) ਦੋ ਮਹੀਨਿਆਂ ਤੋਂ ਬਿਸਤਰੇ ’ਤੇ ਪਈ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਸਿਰਫ਼ ਦੋ ਚੱਮਚ ਪਾਣੀ ਪੀ ਕੇ ਜ਼ਿੰਦਾ ਸੀ। 12 ਜਨਵਰੀ ਨੂੰ ਉਸ ਦੇ ਸਰੀਰ ਨੇ ਜਵਾਬ ਦੇਣਾ ਬੰਦ ਕਰ ਦਿਤਾ, ਜਿਸ ਤੋਂ ਬਾਅਦ ਉਸਨੂੰ ਮ੍ਰਿਤਕ ਮੰਨਿਆ ਗਿਆ ਅਤੇ ਅੰਤਮ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।
ਘਰ ਦੇ ਬਾਹਰ ਇਕ ਟੈਂਟ ਲਗਾਇਆ ਗਿਆ, ਕੁਰਸੀਆਂ ਰੱਖੀਆਂ ਗਈਆਂ, ਅੰਤਮ ਸਸਕਾਰ ਦਾ ਸਮਾਨ ਇਕੱਠਾ ਕੀਤਾ ਗਿਆ ਅਤੇ ਲਾਸ਼ ਲਈ ਗੱਡੀ ਵੀ ਬੁੱਕ ਕੀਤੀ ਗਈ। ਦੂਰ-ਦੂਰ ਤੋਂ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ। ਹਾਲਾਂਕਿ, ਸ਼ਾਮ 7 ਵਜੇ ਦੇ ਕਰੀਬ, ਗੰਗਾਬਾਈ ਨੇ ਅਚਾਨਕ ਅਪਣੇ ਪੈਰਾਂ ਦੀਆਂ ਉਂਗਲਾਂ ਹਿਲਾਉਣੀਆਂ ਸ਼ੁਰੂ ਕਰ ਦਿਤੀਆਂ।
ਉਸਦੇ ਪੋਤੇ, ਰਾਕੇਸ਼ ਸਖਾਰੇ ਨੇ ਕਿਹਾ, ‘‘ਮੈਂ ਉਸ ਦੀਆਂ ਲੱਤਾਂ ਨੂੰ ਹਿਲਦੇ ਦੇਖਿਆ ਅਤੇ ਮਦਦ ਲਈ ਚੀਕਿਆ। ਜਦੋਂ ਅਸੀਂ ਉਸਦੇ ਨੱਕ ਤੋਂ ਰੂੰ ਕੱਢੀ ਤਾਂ ਉਹ ਜ਼ੋਰ-ਜ਼ੋਰ ਨਾਲ ਸਾਹ ਲੈਣ ਲੱਗ ਪਈ।’’ ਦਿਲਚਸਪ ਗੱਲ ਇਹ ਹੈ ਕਿ 13 ਜਨਵਰੀ ਨੂੰ ਗੰਗਾਬਾਈ ਦਾ ਜਨਮਦਿਨ ਸੀ। (ਏਜੰਸੀ)
