
ਭਾਰਤੀ ਰਿਹਾਇਸ਼ੀ ਬਾਜ਼ਾਰ ’ਚ ਮੰਗ ’ਚ ਗਿਰਾਵਟ ਦਾ ਕੋਈ ਸੰਕੇਤ ਨਹੀਂ ਹੈ ਪਰ ਲੰਮੇ ਸਮੇਂ ’ਚ ਇਸ ’ਚ ਵਾਧਾ ਜਾਰੀ ਰਹੇਗਾ।
ਨਵੀਂ ਦਿੱਲੀ : ਕ੍ਰੇਡਾਈ ਦੇ ਪ੍ਰਧਾਨ ਬੋਮਨ ਇਰਾਨੀ ਨੇ ਕਿਹਾ ਹੈ ਕਿ ਬਜਟ ’ਚ ਟੈਕਸ ਹੱਲਾਸ਼ੇਰੀ ਅਤੇ ਹਾਲ ਹੀ ’ਚ ਰੈਪੋ ਰੇਟ ’ਚ ਕਟੌਤੀ ਕਾਰਨ ਘਰਾਂ ਦੀ ਮੰਗ ਮਜ਼ਬੂਤ ਬਣੀ ਹੋਈ ਹੈ ਅਤੇ ਇਸ ’ਚ ਹੋਰ ਵਾਧਾ ਹੋਣ ਦੀ ਉਮੀਦ ਹੈ। ਕ੍ਰੇਡਾਈ ਨਿੱਜੀ ਰੀਅਲ ਅਸਟੇਟ ਡਿਵੈਲਪਰਾਂ ਦੀ ਇਕ ਚੋਟੀ ਦੀ ਸੰਸਥਾ ਹੈ।
ਇਰਾਨੀ ਨੇ ਕਿਹਾ ਕਿ ਭਾਰਤੀ ਰਿਹਾਇਸ਼ੀ ਬਾਜ਼ਾਰ ’ਚ ਮੰਗ ’ਚ ਗਿਰਾਵਟ ਦਾ ਕੋਈ ਸੰਕੇਤ ਨਹੀਂ ਹੈ ਪਰ ਲੰਮੇ ਸਮੇਂ ’ਚ ਇਸ ’ਚ ਵਾਧਾ ਜਾਰੀ ਰਹੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਕੁੱਝ ਬਾਜ਼ਾਰਾਂ ’ਚ ਇਸ ਦਾ ਅਸਰ ਪੈ ਸਕਦਾ ਹੈ ਪਰ ਸਮੁੱਚੇ ਭਾਰਤ ’ਚ ਵਿਕਾਸ ਦਰ ਚਿੰਤਾ ਦਾ ਵਿਸ਼ਾ ਨਹੀਂ ਹੈ।
ਨਾਸਿਕ ’ਚ ਹੋਈ ਗੱਲਬਾਤ ’ਚ ਉਨ੍ਹਾਂ ਕਿਹਾ, ‘‘ਰੀਅਲ ਅਸਟੇਟ ਚੱਕਰ ’ਚ ਥੋੜ੍ਹੇ ਸਮੇਂ ਦੇ ਉਤਰਾਅ-ਚੜ੍ਹਾਅ ਕੁੱਝ ਅਜਿਹਾ ਨਹੀਂ ਹੈ ਜਿਸ ਬਾਰੇ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ। ਸਾਨੂੰ ਲੰਬੀ ਮਿਆਦ ਦੇ ਵਿਕਾਸ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ।’’ ਕ੍ਰੇਡਾਈ ਨੇ ਹਾਲ ਹੀ ’ਚ ਨਾਸਿਕ ’ਚ ਦੋ ਦਿਨਾਂ ਕਾਨਫਰੰਸ ਕੀਤੀ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਪਿਛਲੇ ਤਿੰਨ ਕੈਲੰਡਰ ਸਾਲਾਂ ਦਾ ਉਤਸ਼ਾਹ ਘੱਟ ਹੋਇਆ ਹੈ, ਇਰਾਨੀ ਨੇ ਕਿਹਾ, ‘‘ਮੈਨੂੰ ਅਜਿਹਾ ਨਹੀਂ ਲਗਦਾ।’’
ਇਰਾਨੀ ਨੇ ਕਿਹਾ ਕਿ ਬਜਟ ’ਚ ਪੇਸ਼ ਕੀਤੇ ਟੈਕਸ ਪ੍ਰੋਤਸਾਹਨ ਅਤੇ ਹਾਲ ਹੀ ’ਚ ਰੈਪੋ ਰੇਟ ’ਚ 0.25 ਫ਼ੀ ਸਦੀ ਦੀ ਕਟੌਤੀ ਨਾਲ ਘਰਾਂ ਦੀ ਮੰਗ ’ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਮੇਂ ’ਚ ਮੈਂ ਜੋ ਸੱਭ ਤੋਂ ਦਲੇਰ ਕਦਮ ਵੇਖਿਆ ਹੈ, ਉਹ ਮੌਜੂਦਾ ਬਜਟ ਹੈ, ਜਿਸ ’ਚ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 12 ਲੱਖ ਰੁਪਏ ਤਕ ਦੀ ਆਮਦਨ ’ਤੇ ਟੈਕਸ ਨਹੀਂ ਲਗਾਏਗੀ।
ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਖਰੀਦ ਸ਼ਕਤੀ ’ਚ ਸੁਧਾਰ ਹੋਵੇਗਾ। ਕ੍ਰੇਡਾਈ ਦੇ ਚੇਅਰਮੈਨ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ’ਤੇ ਬਹੁਤ ਧਿਆਨ ਦੇ ਰਹੀ ਹੈ ਅਤੇ ਇਸ ਨਾਲ ਮਕਾਨ, ਦਫਤਰ, ਮਾਲ ਅਤੇ ਵੇਅਰਹਾਊਸਿੰਗ ਸਮੇਤ ਰੀਅਲ ਅਸਟੇਟ ਦੇ ਸਾਰੇ ਖੇਤਰਾਂ ਲਈ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ।
ਇਸ ਸਾਲ ਮਕਾਨ ਦੀਆਂ ਕੀਮਤਾਂ ਦੇ ਦ੍ਰਿਸ਼ਟੀਕੋਣ ’ਤੇ ਇਰਾਨੀ ਨੇ ਕਿਹਾ, ‘‘ਮੈਂ ਕਹਿੰਦਾ ਰਿਹਾ ਹਾਂ ਕਿ ਕੀਮਤਾਂ ’ਚ ਵਾਧਾ ਡਿਵੈਲਪਰਾਂ ਦੇ ਹਿੱਤ ’ਚ ਨਹੀਂ ਹੈ। ਅਸੀਂ ਸਿਰਫ ਮਹਿੰਗਾਈ ਨਾਲ ਸਬੰਧਤ ਲਾਗਤ ਵਾਧੇ ਤੋਂ ਬਹੁਤ ਖੁਸ਼ ਹਾਂ।’’