
ਕਿਹਾ, ਉਮੀਦ ਹੈ ਕਿ ਪਾਕਿਸਤਾਨ ਨੂੰ ਚੰਗੀ ਮੱਤ ਆਵੇਗੀ ਅਤੇ ਉਹ ਸ਼ਾਂਤੀ ਦੇ ਰਸਤੇ ’ਤੇ ਚੱਲੇਗਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਲੋਂ ਕੀਤੇ ਗਏ ਸ਼ਾਂਤੀ ਦੇ ਹਰ ਸੰਕੇਤ ਦਾ ਪਾਕਿਸਤਾਨ ਨੇ ਦੁਸ਼ਮਣੀ ਅਤੇ ਵਿਸ਼ਵਾਸਘਾਤ ਨਾਲ ਜਵਾਬ ਦਿਤਾ ਹੈ ਅਤੇ ਉਮੀਦ ਹੈ ਕਿ ਉਸ ਨੂੰ ਚੰਗੀ ਮੱਤ ਆਵੇਗੀ ਅਤੇ ਉਹ ਸ਼ਾਂਤੀ ਦੇ ਰਸਤੇ ’ਤੇ ਚੱਲੇਗਾ।
ਲੈਕਸ ਫਰੀਡਮੈਨ ਨਾਲ ਇਕ ਪੋਡਕਾਸਟ ’ਚ, ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਕੁੱਝ ਭਾਰਤੀ ਵੈਦਿਕ ਸੰਤਾਂ ਅਤੇ ਸਵਾਮੀ ਵਿਵੇਕਾਨੰਦ ਨੇ ਸਿਖਾਇਆ ਹੈ, ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਵੀ ਸਿਖਾਉਂਦਾ ਹੈ। ਉਨ੍ਹਾਂ ਕਿਹਾ, ‘‘ਮੈਂ ਅਪਣੇ ਸਹੁੰ ਚੁੱਕ ਸਮਾਰੋਹ ’ਚ ਪਾਕਿਸਤਾਨ ਨੂੰ ਸੱਦਾ ਦਿਤਾ ਸੀ ਪਰ ਸ਼ਾਂਤੀ ਦੀ ਹਰ ਕੋਸ਼ਿਸ਼ ਨੂੰ ਦੁਸ਼ਮਣੀ ਅਤੇ ਵਿਸ਼ਵਾਸਘਾਤ ਦਾ ਸਾਹਮਣਾ ਕਰਨਾ ਪਿਆ। ਸਾਨੂੰ ਪੂਰੀ ਉਮੀਦ ਹੈ ਕਿ ਪਾਕਿਸਤਾਨ ਨੂੰ ਚੰਗੀ ਮੱਤ ਆਵੇਗੀ ਅਤੇ ਉਹ ਸ਼ਾਂਤੀ ਦਾ ਰਸਤਾ ਅਪਣਾਏਗਾ।’’
ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਲੋਕ ਵੀ ਸ਼ਾਂਤੀ ਚਾਹੁੰਦੇ ਹਨ ਕਿਉਂਕਿ ਉਹ ਵੀ ਸੰਘਰਸ਼, ਅਸ਼ਾਂਤੀ ਅਤੇ ਲਗਾਤਾਰ ਅਤਿਵਾਦ ਵਿਚ ਰਹਿ ਕੇ ਥੱਕ ਗਏ ਹੋਣਗੇ, ਜਿੱਥੇ ਮਾਸੂਮ ਬੱਚੇ ਵੀ ਮਾਰੇ ਜਾਂਦੇ ਹਨ ਅਤੇ ਅਣਗਿਣਤ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਵਲੇ ਸਬੰਧਾਂ ਨੂੰ ਸੁਧਾਰਨ ਦੀ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਸਦਭਾਵਨਾ ਦਾ ਸੰਕੇਤ ਸੀ।
ਉਨ੍ਹਾਂ ਕਿਹਾ, ‘‘ਇਹ ਇਕ ਕੂਟਨੀਤਕ ਕਦਮ ਸੀ, ਜੋ ਦਹਾਕਿਆਂ ’ਚ ਨਹੀਂ ਵੇਖਿਆ ਗਿਆ। ਜਿਹੜੇ ਲੋਕ ਕਦੇ ਵਿਦੇਸ਼ ਨੀਤੀ ਪ੍ਰਤੀ ਮੇਰੀ ਪਹੁੰਚ ’ਤੇ ਸਵਾਲ ਚੁਕੇ ਸਨ, ਉਹ ਇਹ ਜਾਣ ਕੇ ਹੈਰਾਨ ਸਨ ਕਿ ਮੈਂ ਸਾਰਕ ਦੇਸ਼ਾਂ ਦੇ ਸਾਰੇ ਰਾਸ਼ਟਰ ਮੁਖੀਆਂ ਨੂੰ ਸੱਦਾ ਦਿਤਾ ਸੀ ਅਤੇ ਸਾਡੇ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਉਸ ਇਤਿਹਾਸਕ ਭਾਵਨਾ ਨੂੰ ਅਪਣੀਆਂ ਯਾਦਾਂ ਵਿਚ ਖੂਬਸੂਰਤੀ ਨਾਲ ਕੈਦ ਕੀਤਾ ਸੀ।’’
ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਕਿੰਨੀ ਸਪੱਸ਼ਟ ਅਤੇ ਆਤਮਵਿਸ਼ਵਾਸੀ ਹੋ ਗਈ ਹੈ। ਉਨ੍ਹਾਂ ਕਿਹਾ, ‘‘ਇਸ ਨੇ ਸ਼ਾਂਤੀ ਅਤੇ ਸਦਭਾਵਨਾ ਪ੍ਰਤੀ ਭਾਰਤ ਦੀ ਵਚਨਬੱਧਤਾ ਬਾਰੇ ਦੁਨੀਆਂ ਨੂੰ ਸਪੱਸ਼ਟ ਸੰਦੇਸ਼ ਦਿਤਾ ਪਰ ਸਾਨੂੰ ਲੋੜੀਂਦੇ ਨਤੀਜੇ ਨਹੀਂ ਮਿਲੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਭਾਰਤ ਸ਼ਾਂਤੀ ਦੀ ਗੱਲ ਕਰਦਾ ਹੈ ਤਾਂ ਅੱਜ ਦੁਨੀਆਂ ਉਸ ਦੀ ਗੱਲ ਸੁਣਦੀ ਹੈ ਕਿਉਂਕਿ ਭਾਰਤ ਗੌਤਮ ਬੁੱਧ ਅਤੇ ਮਹਾਤਮਾ ਗਾਂਧੀ ਦੀ ਧਰਤੀ ਹੈ।
ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਤਾਕਤ ਉਨ੍ਹਾਂ ਦੇ ਨਾਂ ’ਚ ਨਹੀਂ ਬਲਕਿ 1.4 ਅਰਬ ਭਾਰਤੀਆਂ ਅਤੇ ਦੇਸ਼ ਦੇ ਸਦੀਵੀ ਸਭਿਆਚਾਰ ਅਤੇ ਵਿਰਾਸਤ ਲਈ ਉਨ੍ਹਾਂ ਦੇ ਸਮਰਥਨ ’ਚ ਹੈ।