
ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੇਸ਼ ਵਿਚ ਲਾਗੂ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਕਰਨ ਲਈ ਕਿਹਾ ਹੈ। ਕਿਹਾ ਗਿਆ ਹੈ
ਨਵੀਂ ਦਿੱਲੀ, 15 ਅਪ੍ਰੈਲ : ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦੇਸ਼ ਵਿਚ ਲਾਗੂ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਕਰਨ ਲਈ ਕਿਹਾ ਹੈ। ਕਿਹਾ ਗਿਆ ਹੈ ਕਿ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ, ਨਹੀਂ ਤਾਂ 20 ਅਪ੍ਰੈਲ ਤੋਂ ਦਿਤੀ ਜਾਣ ਵਾਲੀ ਛੋਟ ਵਾਪਸ ਲੈ ਲਈ ਜਾਵੇਗੀ।
File photo
ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਰਾਜਾਂ ਦੇ ਸਾਰੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਭੇਜੇ ਪੱਤਰ ਵਿਚ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਭੱਲਾ ਨੇ ਕਿਹਾ, 'ਜੇ ਬੰਦ ਸਬੰਧੀ ਕਿਸੇ ਵੀ ਨਿਯਮ ਦੀ ਉਲੰਘਣਾ ਕੀਤੀ ਗਈ ਤਾਂ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀਆਂ ਗਤੀਵਿਧੀਆਂ ਦੀ ਆਗਿਆ ਦਿਤੀ ਗਈ ਹੈ, ਉਨ੍ਹਾਂ ਨੂੰ ਤੁਰਤ ਵਾਪਸ ਲੈ ਲਿਆ ਜਾਵੇਗਾ। ਸਰਕਾਰੀ ਅਤੇ ਨਿਜੀ ਖੇਤਰਾਂ ਦੀਆਂ ਸਾਰੀਆਂ ਸੰਸਥਾਵਾਂ ਅਤੇ ਲੋਕ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ।'
ਭੱਲਾ ਨੇ ਕਿਹਾ ਕਿ ਇਹ ਵਾਧੂ ਗਤੀਵਿਧੀਆਂ ਬੰਦ ਦੇ ਨਿਯਮਾਂ ਬਾਰੇ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਧਾਰ 'ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਆਗਿਆ ਨਾਲ ਚਾਲੂ ਰਹਿਣਗੀਆਂ। ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ 20 ਅਪ੍ਰੈਲ ਤੋਂ ਚੋਣਵੀਆਂ ਵਾਧੂ ਗਤੀਵਿਧੀਆਂ ਦੀ ਆਗਿਆ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਛੋਟਾਂ ਦਿਤੇ ਜਾਣ ਤੋਂ ਪਹਿਲਾਂ ਸੂਬੇ ਇਹ ਯਕੀਨੀ ਕਰਨ ਕਿ ਦਫ਼ਤਰਾਂ, ਕੰਮ ਵਾਲੀਆਂ ਥਾਵਾਂ, ਕਾਰਖ਼ਾਨਿਆਂ ਅਤੇ ਅਦਾਰਿਆਂ ਵਿਚ ਸਮਾਜਕ ਦੂਰੀ ਦੇ ਸਬੰਧ ਵਿਚ ਸਾਰੇ ਪ੍ਰਬੰਧ ਹੋਣ। ਭੱਲਾ ਨੇ ਇਹ ਵੀ ਕਿਹਾ ਕਿ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਿਸੇ ਵੀ ਤਰੀਕੇ ਨਾਲ ਦਿਸ਼ਾ ਨਿਰਦੇਸ਼ਾਂ ਨੂੰ ਹਲਕੇ ਨਹੀਂ ਕਰ ਸਕਦੇ। (ਏਜੰਸੀ)