
ਕਈ ਪੁਲਿਸ ਵਾਲੇ ਜ਼ਖਮੀ
ਨਵੀਂ ਦਿੱਲੀ - ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਹਨੂੰਮਾਨ ਜਨਮ ਉਤਸਵ ਦੀ ਸ਼ੋਭਾ ਯਾਤਰਾ 'ਤੇ ਪਥਰਾਅ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਇੱਥੇ ਪਥਰਾਅ ਤੋਂ ਬਾਅਦ ਅੱਗ ਵੀ ਲਗਾ ਦਿੱਤੀ। ਇਸ ਦੇ ਨਾਲ ਹੀ ਤਲਵਾਰਾਂ ਅਤੇ ਗੋਲੀਆਂ ਵੀ ਚੱਲੀਆਂ। ਹਮਲੇ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ।
ਇਹ ਘਟਨਾ ਜਹਾਂਗੀਰਪੁਰੀ ਦੇ ਕੁਸ਼ਲ ਸਿਨੇਮਾ ਕੋਲ ਵਾਪਰੀ। ਕਈ ਵਾਹਨਾਂ ਦੀ ਭੰਨਤੋੜ ਕੀਤੀ ਗਈ ਹੈ। ਪਥਰਾਅ ਨੂੰ ਰੋਕਣ ਲਈ ਆਏ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਹਾਲਾਂਕਿ, ਗ੍ਰਹਿ ਮੰਤਰਾਲੇ ਦੇ ਅਨੁਸਾਰ, ਸਿਰਫ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋਇਆ ਹੈ। ਉਸ ਨੂੰ ਬਾਬੂ ਜਗਜੀਵਨ ਰਾਮ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਕਈ ਥਾਣਿਆਂ ਤੋਂ ਵਾਧੂ ਪੁਲਿਸ ਬਲ ਬੁਲਾਈ ਗਈ। ਫੋਰਸ ਇਲਾਕੇ 'ਚ ਮਾਰਚ ਕਰ ਰਹੀ ਹੈ। ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਅਨੁਸਾਰ ਸਥਿਤੀ ਕਾਬੂ ਹੇਠ ਹੈ। ਹਾਲਾਤ ਵਿਗਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਿੱਲੀ ਦੇ ਹੋਰ ਖੇਤਰਾਂ ਵਿਚ ਵੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਹੰਗਾਮੇ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਘਟਨਾ ਸ਼ਾਮ ਕਰੀਬ 5:30 ਵਜੇ ਵਾਪਰੀ। ਇਹ ਪੱਥਰਬਾਜ਼ੀ ਕੁਸ਼ਲ ਸਿਨੇਮਾ ਨੇੜੇ ਹੋਈ।
ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਬੁਲਾਰੇ ਵਿਨੋਦ ਬਾਂਸਲ ਨੇ ਟਵੀਟ ਕੀਤਾ ਕਿ ਹਨੂੰਮਾਨ ਜੈਅੰਤੀ ਦੀ ਸ਼ੋਭਾ ਯਾਤਰਾ 'ਤੇ ਇਸਲਾਮਿਕ ਕੱਟੜਪੰਥੀਆਂ ਨੇ ਹਮਲਾ ਕੀਤਾ ਹੈ। ਇਸ ਹਮਲੇ 'ਚ ਗੋਲੀਬਾਰੀ ਅਤੇ ਪਥਰਾਅ ਹੋਣ ਦੀ ਵੀ ਖ਼ਬਰ ਹੈ, ਜਿਸ 'ਚ ਪੁਲਿਸ ਕਰਮਚਾਰੀਆਂ ਸਮੇਤ ਕਈ ਜ਼ਖਮੀ ਹੋ ਗਏ। ਬਾਂਸਲ ਨੇ ਲਿਖਿਆ ਹੈ ਕਿ 'ਇਸਲਾਮਿਕ ਜਹਾਦੀਆਂ ਨੇ ਦਿੱਲੀ ਦੇ ਜਹਾਂਗੀਰਪੁਰੀ 'ਚ ਹਨੂੰਮਾਨ ਦੇ ਜਨਮ ਦਿਨ ਦੀ ਸ਼ੋਭਾ ਯਾਤਰਾ 'ਤੇ ਪੱਥਰ, ਤਲਵਾਰਾਂ ਅਤੇ ਗੋਲੀਆਂ ਚਲਾਈਆਂ।
ਕੁਝ ਵੀਡੀਓ ਫੁਟੇਜ ਸਾਹਮਣੇ ਆਏ ਹਨ। ਜਿਸ ਵਿਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਜ਼ਖਮੀ ਨਜ਼ਰ ਆ ਰਹੇ ਹਨ।
ਦੰਗਾ ਵਿਰੋਧੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਦੀ ਵੀਡੀਓ ਟੀਮ ਨੇ ਇਲਾਕੇ ਦੀਆਂ ਕਈ ਫੁਟੇਜ ਹਾਸਲ ਕਰ ਲਈਆਂ ਹਨ। ਇਨ੍ਹਾਂ ਵਿੱਚੋਂ ਕੁਝ ਲੋਕਾਂ ਦੀ ਪਛਾਣ ਵੀ ਹੋ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਕਿਹਾ- ਜਹਾਂਗੀਰਪੁਰੀ 'ਚ ਵੱਡੀ ਗਿਣਤੀ 'ਚ ਬੰਗਲਾਦੇਸ਼ੀ ਘੁਸਪੈਠੀਏ ਰਹਿੰਦੇ ਹਨ। ਦਿੱਲੀ ਦੰਗਿਆਂ ਦੌਰਾਨ ਵੀ ਅਜਿਹਾ ਹੀ ਹੋਇਆ ਸੀ। ਪੱਥਰ ਛੱਤਾਂ ਤੱਕ ਕਿਵੇਂ ਪਹੁੰਚੇ? ਹੁਣ ਕਿਸੇ ਸਬੂਤ ਦੀ ਲੋੜ ਨਹੀਂ। ਕਰੌਲੀ ਤੋਂ ਬਾਅਦ ਖਰਗੋਨ ਵਿੱਚ ਵੀ ਅਜਿਹਾ ਹੀ ਹੋਇਆ। ਕੀ ਰਾਮਨੌਮੀ ਅਤੇ ਹਨੂੰਮਾਨ ਜਯੰਤੀ 'ਤੇ ਇਹ ਹਮਲੇ ਇਤਫ਼ਾਕ ਹਨ ਜਾਂ ਪ੍ਰਯੋਗ? ਸਰਕਾਰ ਨੂੰ ਹੁਣ ਠੋਸ ਕਾਰਵਾਈ ਕਰਨੀ ਚਾਹੀਦੀ ਹੈ।
Clashes At Delhi Hanuman Jayanti Procession
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ- ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਦਿੱਲੀ ਦੇ ਜਹਾਂਗੀਰ ਪੁਰੀ 'ਚ ਸ਼ੋਭਾ ਯਾਤਰਾ 'ਤੇ ਪਥਰਾਅ ਦੀ ਘਟਨਾ ਬੇਹੱਦ ਨਿੰਦਣਯੋਗ ਹੈ। ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਸਾਰੇ ਲੋਕਾਂ ਨੂੰ ਅਪੀਲ- ਇਕ ਦੂਜੇ ਦਾ ਹੱਥ ਫੜ ਕੇ ਸ਼ਾਂਤੀ ਬਣਾਈ ਰੱਖੋ।