
ਇਕ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਵਿਚ ਇਕ ਮਹਿਲਾ ਪੈਨਸ਼ਨ ਕਢਵਾਉਣ ਲਈ ਅਪਣੀ 120 ਸਾਲਾ ਮਾਂ ਨੂੰ ਮੰਜੇ 'ਤੇ ਪਾ ਕੇ
ਨੁਆਪਾੜਾ (ਉੜੀਸਾ), 15 ਜੂਨ : ਇਕ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਵਿਚ ਇਕ ਮਹਿਲਾ ਪੈਨਸ਼ਨ ਕਢਵਾਉਣ ਲਈ ਅਪਣੀ 120 ਸਾਲਾ ਮਾਂ ਨੂੰ ਮੰਜੇ 'ਤੇ ਪਾ ਕੇ ਘੜੀਸ ਕੇ ਬੈਂਕ ਲੈ ਗਈ। ਇਹ ਘਟਨਾ ਉੜੀਸਾ ਦੇ ਨੁਆਪਾੜਾ ਵਿਚ ਵਾਪਰੀ। ਉਸ ਨੇ ਅਜਿਹਾ ਇਸ ਵਾਸਤੇ ਕੀਤਾ ਕਿਉਂਕਿ ਬੈਂਕ ਨੇ ਕਿਹਾ ਸੀ ਕਿ ਪੈਸੇ ਕਢਵਾਉਣ ਲਈ ਖਾਤਾਧਾਰਕ ਖ਼ੁਦ ਆਉਣਾ ਚਾਹੀਦਾ ਹੈ। 120 ਸਾਲਾ ਮਾਂ ਦੀ ਪਛਾਣ ਲਾਭੇ ਬਘੇਲ ਵਜੋਂ ਹੋਈ ਹੈ ਜਦਕਿ ਉਸ ਦੀ 70 ਸਾਲਾ ਧੀ ਦੀ ਪਛਾਣ ਗੁੰਜਾ ਦੇਈ ਵਜੋਂ ਹੋਈ ਹੈ। ਘਟਨਾ ਪਿੰਡ ਬਾਰਾਗਨ ਬਲਾਕ ਖਰੀਆਰ ਵਿਚ ਵਾਪਰੀ। ਸਥਾਨਕ ਵਿਧਾਇਕ ਰਾਜੂ ਧੋਲਕੀਆ ਨੇ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਮਾਮਲੇ ਦੀ ਜਾਂਚ ਕਰਵਾਉਣ ਵਾਸਤੇ ਆਖਿਆ ਹੈ।
ਜਾਣਕਾਰੀ ਮੁਤਾਬਕ ਬਜ਼ੁਰਗ ਮਹਿਲਾ ਨੇ ਅਪਣੀ ਧੀ ਨੂੰ 1500 ਰੁਪਏ ਅਪਣੇ ਪੈਨਸ਼ਨ ਖਾਤੇ ਵਿਚੋਂ ਕਢਵਾਉਣ ਲਈ ਭੇਜਿਆ ਸੀ ਪਰ ਬੈਂਕ ਵਾਲਿਆਂ ਨੇ ਕਹਿ ਦਿਤਾ ਕਿ ਖਾਤਾ ਧਾਰਕ ਆਪ ਆਵੇ। ਇਸ ਮਗਰੋਂ ਗੁੰਜਾ ਦੇਈ ਅਪਣੀ ਮਾਂ ਨੂੰ ਮੰਜੇ 'ਤੇ ਪਾ ਕੇ ਬੈਂਕ ਘੜੀਸ ਲੈ ਗਈ। ਦੋਹਾਂ ਦੀ ਹਾਲਤ ਵੇਖ ਕੇ ਬੈਂਕ ਨੇ ਪੈਨਸ਼ਨ ਦੇ ਦਿਤੀ। ਘਟਨਾ ਦੀ ਵੀਡੀਉ ਖ਼ੂਬ ਵਾਇਰਲ ਹੋਈ ਹੈ। (ਏਜੰਸੀ)