
ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਆਦਾਤਰ ਡਾਕਟਰ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਸਲਾਹ ਦੇ ਰਹੇ ਹਨ
ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਆਦਾਤਰ ਡਾਕਟਰ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਸਲਾਹ ਦੇ ਰਹੇ ਹਨ ਪਰ ਇਹੀ ਸੈਨੀਟਾਈਜ਼ਰ ਤੁਹਾਡੇ ਬਚਾਅ ਦੀ ਜਗ੍ਹਾ ਤੁਹਾਡੇ ਲਈ ਖਤਰਾ ਬਣ ਸਕਦਾ ਹੈ। ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਪਹਿਲੀ ਵਾਰ ਅਲਰਟ ਜਾਰੀ ਕਰ ਕੇ ਕਿਹਾ ਹੈ ਕਿ ਦੇਸ਼ ਵਿਚ ਅਜਿਹੇ ਸੈਨੀਟਾਈਜ਼ਰ ਵੀ ਵਿਕ ਰਹੇ ਹਨ ਜੋ ਖਤਰਨਾਕ ਤੇ ਜ਼ਹਿਰੀਲੇ ਹਨ।
Sanitizer
ਇਹਨਾਂ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਸੀਬੀਆਈ ਨੇ ਇੰਟਰਪੋਲ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਦੇਸ਼ ਭਰ ਵਿਚ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਾਵਧਾਨ ਕੀਤਾ ਹੈ ਕਿ ਕਈ ਗਿਰੋਹ ਕਾਫੀ ਜ਼ਹਿਰੀਲੇ ਸੈਨੀਟਾਈਜ਼ਰ ਵੇਚ ਰਹੇ ਹਨ। ਇਹ ਜਾਣਕਾਰੀ ਸੋਮਵਾਰ ਨੂੰ ਅਧਿਕਾਰੀਆਂ ਨੇ ਦਿੱਤੀ ਹੈ।
CBI
ਅਧਿਕਾਰੀਆਂ ਨੇ ਦੱਸਿਆ ਕਿ ਇਕ ਵਿਸ਼ਵਵਿਆਪੀ ਪੁਲਿਸ ਸਹਿਯੋਗ ਏਜੰਸੀ ਇੰਟਰਪੋਲ ਨੇ ਜਾਣਕਾਰੀ ਦਿੱਤੀ ਹੈ ਕਿ ਮਿਥੇਨੌਲ ਦੀ ਵਰਤੋਂ ਕਰ ਕੇ ਨਕਲੀ ਹੈਂਡ ਸੈਨੀਟਾਈਜ਼ਰ ਬਣਾਏ ਜਾ ਰਹੇ ਹਨ। ਮਿਥੇਨੌਲ ਇਕ ਬਹੁਤ ਹੀ ਜ਼ਹਿਰੀਲਾ ਪਦਾਰਥ ਹੈ। ਉਹਨਾਂ ਕਿਹਾ ਕਿ ਕੋਵਿਡ -19 ਦੌਰਾਨ ਜ਼ਹਿਰੀਲੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਬਾਰੇ ਹੋਰ ਦੇਸ਼ਾਂ ਤੋਂ ਵੀ ਜਾਣਕਾਰੀ ਪ੍ਰਾਪਤ ਹੋਈ ਹੈ।
CBI
ਇਕ ਅਧਿਕਾਰੀ ਨੇ ਕਿਹਾ, "ਮੀਥੇਨੌਲ ਬਹੁਤ ਜ਼ਹਿਰੀਲਾ ਹੋ ਸਕਦਾ ਹੈ ਅਤੇ ਇਹ ਮਨੁੱਖੀ ਸਰੀਰ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।" ਅਧਿਕਾਰੀਆਂ ਨੇ ਕਿਹਾ ਕਿ ਇੰਟਰਪੋਲ ਤੋਂ ਸੂਚਨਾ ਮਿਲਦੇ ਹੀ ਕੇਂਦਰੀ ਜਾਂਚ ਬਿਊਰੋ ਨੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸਾਵਧਾਨ ਕੀਤਾ ਹੈ।
Sanitizer
ਉਹਨਾਂ ਦੱਸਿਆ ਕਿ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਉਣ ਤੋਂ ਬਾਅਦ ਕਈ ਸੰਗਠਿਤ ਅਪਰਾਧੀ ਸਮੂਹ ਅੰਤਰਰਾਸ਼ਟਰੀ ਪੱਧਰ 'ਤੇ ਉਭਰ ਕੇ ਸਾਹਮਣੇ ਆਏ ਹਨ, ਜੋ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਪੈਸਾ ਕਮਾ ਰਹੇ ਹਨ।