
ਵਿਸ਼ਵ ਹਿੰਦੂ ਪਰਿਸ਼ਦ ਨੇ ਚੰਬਾ ਦੇ ਨੌਜੁਆਨ ਦੇ ਕਾਤਲਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ
ਸ਼ਿਮਲਾ/ਹਮੀਰਪੁਰ: ਇਕ ਨੌਜੁਆਨ ਵਲੋਂ ਵਖਰੇ ਧਰਮ ਦੀ ਇਕ ਕੁੜੀ ਨਾਲ ਪ੍ਰੇਮ ਸਾਹਮਣੇ ਆਉਣ ਤੋਂ ਬਾਅਦ, ਨੌਜੁਆਨ ਦੇ ਕਤਲ ਦਾ ਮਾਮਲਾ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਅੱਜ ਸੂਬੇ ਅੰਦਰ ਸਥਿਤੀ ਤਣਾਅਪੂਰਨ ਰਹੀ।
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਰਮੇਸ਼ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਪ੍ਰਧਾਨ ਰਾਜੀਵ ਬਿੰਦਲ ਨੂੰ ਚੰਬਾ ਦੇ ਸਲੂਨੀ ਕਸਬ ’ਚ ਉਸ ਵਿਅਕਤੀ ਦੇ ਪ੍ਰਵਾਰ ਨਾਲ ਮਿਲਣ ਤੋਂ ਰੋਕ ਦਿਤਾ ਗਿਆ, ਜਿਸ ਦਾ ਪਿੱਛੇ ਜਿਹੇ ਕਤਲ ਕਰ ਦਿਤਾ ਗਿਆ ਸੀ। ਪਾਰਟੀ ਨੈ ਇਸ ਦੇ ਵਿਰੋਧ ’ਚ ਪੂਰੇ ਸੂਬੇ ਅੰਦਰ ਰੈਲੀਆਂ ਕੱਢਣ ਦਾ ਐਲਾਨ ਕੀਤਾ ਹੈ।
ਪੁਲਿਸ ਨੇ ਭਾਜਪਾ ਆਗੂਆਂ ਨੂੰ ਸੂਬੇ ਦੀ ਰਾਜਧਾਨੀ ਤੋਂ ਲਗਭਗ 380 ਕਿਲੋਮੀਟਰ ਦੂਰ ਸਲੂਨੀ ’ਚ ਚਾਮੇਰਾ ਬੰਨ੍ਹ ’ਤੇ ਰੋਕ ਦਿਤਾ।
ਇਸ ਦੌਰਾਨ ਰਾਜਪਾਲ ਸ਼ਿਵਪ੍ਰਤਾਪ ਸ਼ੁਕਲਾ ਨੇ ਇਕ ਬਿਆਨ ’ਚ ਕਿਹਾ ਕਿ ਇਸ ਘਿਨਾਉਣੇ ਅਪਰਾਧ ’ਚ ਸ਼ਾਮਲ ਲੋਕਾਂ ਵਿਰੁਧ ਸਖਤ ਕਾਰਵਾਈ ਯਕੀਨੀ ਕੀਤੀ ਜਾਣੀ ਚਾਹੀਦੀ ਹੈ।
ਸਲੂਨੀ ’ਚ ਭਾਣਜੀ ਨਾਲ ਪ੍ਰੇਮ-ਪ੍ਰਸੰਗ ਕਾਰਨ 28 ਵਰ੍ਹਿਆਂ ਦੇ ਮਨੋਹਰ ਨਾਮਕ ਨੌਜੁਆਨ ਵਿਅਕਤੀ ਦੇ ਕਤਲ ਕਰਨ ਦੇ ਮੁਲਜ਼ਮ ਮੁਸਾਫ਼ਿਰ ਹੁਸੈਨ ਦੇ ਘਰ ’ਚ ਵੀਰਵਾਰ ਨੂੰ ਭੀੜ ਨੇ ਅੱਗ ਲਾ ਦਿਤੀ ਸੀ, ਜਿਸ ਤੋਂ ਬਾਅਦ ਇਲਾਕੇ ’ਚ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਸਨ। 8 ਜੂਨ ਨੂੰ ਚੰਬਾ ਜ਼ਿਲ੍ਹੇ ਦੇ ਸਲੂਨੀ ਦੇ ਬੰਦਾਲ ਪਿੰਡ ’ਚ ਇਕ ਨਾਲੇ ’ਚੋਂ ਮਨੋਹਰ ਦੀ 8 ਟੁਕੜਿਆਂ ’ਚ ਵੱਢੀ ਲਾਸ਼ ਬਰਾਮਦ ਹੋਈ ਸੀ।
ਮਨੋਹਰ ਦੇ ਪ੍ਰਵਾਰ ਨੂੰ ਮਿਲਣ ਦੀ ਇਜਾਜ਼ਤ ਨਾ ਦਿਤੇ ਜਾਣ ਤੋਂ ਬਾਅਦ ਭਾਜਪਾ ਆਗੂਆਂ ਨੇ ਡਲਹੌਜੀ ’ਚ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਐਲਾਨ ਕੀਤਾ ਕਿ ਪਾਰਟੀ ਇਸ ਮੁੱਦੇ ’ਤੇ ਸਨਿਚਰਵਾਰ ਨੂੰ 12 ਜ਼ਿਲ੍ਹਾ ਹੈੱਡਕੁਆਰਟਰਾਂ ’ਚ ਰੈਲੀਆਂ ਕਰੇਗੀ।
ਉਧਰ ਹਮੀਰਪੁਰ ’ਚ ਵਿਸ਼ਵ ਹਿੰਦੂ ਪਰਿਸ਼ਦ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਪ੍ਰਧਾਨ ਲੇਖਰਾਜ ਰਾਣਾ ਨੇ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਰਾਣੇ ਨੇ ਕਿਹਾ ਕਿ ਇਸ ‘ਘਿਨਾਉਣੇ’ ਕਤਲ ਦੀ ਘਟਨਾ ਤੋਂ ਸ਼ਾਂਤੀ ਪਸੰਦ ‘ਦੇਵਭੂਮੀ’ ਦੀ ਬਦਨਾਮੀ ਹੋਈ ਹੈ।