
ਯੂਪੀ ਦੇ ਸੰਭਲ ਜ਼ਿਲ੍ਹੇ ਵਿਚ ਪੰਜ ਜਣਿਆਂ ਨੇ ਔਰਤ ਨੂੰ ਬਲਾਤਕਾਰ ਮਗਰੋਂ ਜ਼ਿੰਦਾ ਸਾੜ ਕੇ ਮਾਰ ਦਿਤਾ। ਗੁਨੌਰ ਦੇ ਪੁਲਿਸ ਅਧਿਕਾਰੀ ਅਕੀਲ ਅਹਿਮਦ ਨੇ ਦਸਿਆ ਕਿ ....
ਸੰਭਲ, ਯੂਪੀ ਦੇ ਸੰਭਲ ਜ਼ਿਲ੍ਹੇ ਵਿਚ ਪੰਜ ਜਣਿਆਂ ਨੇ ਔਰਤ ਨੂੰ ਬਲਾਤਕਾਰ ਮਗਰੋਂ ਜ਼ਿੰਦਾ ਸਾੜ ਕੇ ਮਾਰ ਦਿਤਾ। ਗੁਨੌਰ ਦੇ ਪੁਲਿਸ ਅਧਿਕਾਰੀ ਅਕੀਲ ਅਹਿਮਦ ਨੇ ਦਸਿਆ ਕਿ ਰਾਜਪੁਰਾ ਦੇ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੇ ਸ਼ਿਕਾਇਤ ਜ਼ਰੀਏ ਦੋਸ਼ ਲਾਇਆ ਹੈ ਕਿ ਸਨਿਚਰਵਾਰ ਨੂੰ ਆਰਾਮ ਸਿੰਘ ਨਾਮਕ ਵਿਅਕਤੀ ਸਮੇਤ ਪੰਜ ਜਣੇ ਉਸ ਦੇ ਘਰ ਵਿਚ ਵੜ ਗਏ ਅਤੇ ਪਿਸੌਤਲ ਵਿਖਾ ਕੇ ਉਸ ਦੀ ਪਤਨੀ ਨਾਲ ਬਲਾਤਕਾਰ ਕੀਤਾ।
ਉਸ ਦਾ ਕਹਿਣਾ ਹੈ ਕਿ ਉਹ ਗਾਜ਼ੀਆਬਾਦ ਵਿਚ ਮਜ਼ਦੂਰੀ ਕਰਦਾ ਹੈ ਜਦਕਿ ਉਸ ਦੀ ਪਤਨੀ ਸੱਤ ਸਾਲਾ ਬੇਟੀ ਨਾਲ ਪਿੰਡ ਵਿਚ ਰਹਿੰਦੀ ਹੈ। ਵਾਰਦਾਤ ਮਗਰੋਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਚੁੱਪ ਰਹਿਣ ਦੀ ਧਮਕੀ ਦਿਤੀ। ਉਸ ਦੀ ਪਤਨੀ ਨੇ ਅਪਣੇ ਰਿਸ਼ਤੇਦਾਰ ਨੂੰ ਸਾਰੀ ਗੱਲ ਦੱਸੀ। ਕੁੱਝ ਦੇਰ ਬਾਅਦ ਮੁਲਜ਼ਮ ਫਿਰ ਉਸ ਦੇ ਘਰ ਆਏ ਅਤੇ ਉਸ ਦੀ ਪਤਨੀ ਨੂੰ ਲਾਗਲੇ ਮੰਦਰ ਦੀ ਝੁੱਗੀ ਵਿਚ ਲੈ ਗਏ।
Gang Rape
ਉਥੇ ਉਨ੍ਹਾਂ ਉਸ ਦੀ ਪਤਨੀ ਨੂੰ ਅੱਗ ਲਾ ਦਿਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਹਿਮਦ ਨੇ ਦਸਿਆ ਕਿ ਇਸ ਮਾਮਲੇ ਵਿਚ ਆਰਾਮ ਸਿੰਘ, ਮਹਾਵੀਰ, ਚਰਨ ਸਿੰਘ, ਗੁੱਲੂ ਅਤੇ ਭੋਨਾ ਵਿਰੁਧ ਬਲਾਤਕਾਰ ਅਤੇ ਹਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। (ਏਜੰਸੀ)