
ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੇ ਕੀਤਾ ਫ਼ੈਸਲਾ
ਨਵੀਂ ਦਿੱਲੀ, 15 ਜੁਲਾਈ : ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ਨੇ ਖੰਡ ਮਿੱਲਾਂ ਦਾ ਘੱਟੋ ਘੱਟ ਵਿਕਰੀ ਮਲ ਯਾਨੀ ਐਮਐਸਪੀ ਦੋ ਰੁਪਏ ਵਧਾ ਕੇ 33 ਰੁਪਏ ਪ੍ਰਤੀ ਕਿਲੋ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਇਹ ਮਿੱਲਾਂ ਅਪਣੇ ਲਗਭਗ 20 ਹਜ਼ਾਰ ਕਰੋੜ ਰੁਪਏ ਦੇ ਲਟਕਦੇ ਗੰਨੇ ਦੇ ਬਕਾਏ ਦਾ ਛੇਤੀ ਤੋਂ ਛੇਤੀ ਭੁਗਤਾਨ ਕਰ ਸਕਣ।
Amit Shah
ਬੈਠਕ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਖਾਧ ਮੰਤਰੀ ਰਾਮਵਿਲਾਸ ਪਾਸਵਾਨ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਮੌਜੂਦ ਸਨ। ਸੂਤਰਾਂ ਨੇ ਕਿਹਾ ਕਿ ਮੰਤਰੀ ਸਮੂਹ ਨੇ ਚੀਨੀ ਮਿੱਲਾਂ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਬਕਾਇਆ ਰਾਸ਼ੀ ਦਾ ਜਾਇਜ਼ਾ ਲਿਆ ਜੋ ਚਾਲੂ 2019-20 ਸੈਸ਼ਨ ਵਿਚ ਹੁਣ ਤਕ ਲਗਭਗ 20 ਹਜ਼ਾਰ ਕਰੋੜ ਰੁਪਏ ਹੈ।
ਬੈਠਕ ਵਿਚ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਕਿ ਚੀਨੀ ਮਿੱਲਾਂ ਛੇਤੀ ਤੋਂ ਛੇਤੀ ਇਸ ਬਕਾਏ ਦਾ ਭੁਗਤਾਨ ਯਕੀਨੀ ਕਰ ਸਕਦੀਆਂ ਹਨ। ਇਕ ਤਜਵੀਜ਼ ਚੀਨੀ ਦੇ ਘੱਟੋ ਘੱਟ ਵਿਕਰੀ ਮੁਲ ਨੂੰ ਵਧਾਉਣਾ ਵੀ ਸੀ। ਸੂਤਰਾਂ ਨੇ ਕਿਹਾ ਕਿ ਮੰਤਰੀ ਸਮੂਹ ਨੇ ਖਾਧ ਮੰਤਰਾਲੇ ਨੂੰ ਨਿਰਦੇਸ਼ ਦਿਤਾ ਕਿ ਉਹ ਨੀਤੀ ਆਯੋਗ ਦੀ ਸਿਫ਼ਾਰਸ਼ ਮੁਤਾਬਕ ਚੀਨੀ ਦੇ ਘੱਟੋ ਘੱਟ ਵਿਕਰੀ ਮੁਲ ਨੂੰ ਵਧਾਉਣ ਦੀ ਤਜਵੀਜ਼ ਨਾਲ ਮੰਤਰੀ ਮੰਡਲ ਨੋਟ ਲਿਆਏ। ਉਸ ਨੇ ਕਿਹਾ ਕਿ ਜੇ ਚੀਨੀ ਦੇ ਐਮਐਸਪੀ ਵਿਚ ਵਾਧੇ ਨਾਲ ਕਿਸਾਨਾਂ ਦੇ ਗੰਨਾ ਰਕਮ ਬਕਾਏ ਨੂੰ ਘੱਟ ਕਰਨ ਵਿਚ ਮਦਦ ਨਹੀਂ ਮਿਲਦੀ ਤਾਂ ਸਰਕਾਰ ਹੋਰ ਬਦਲਾਂ ਬਾਰੇ ਵਿਚਾਰ ਕਰੇਗੀ। (ਏਜੰਸੀ)