
ਪੱਥਰ 'ਤੇ ਬੈਠ ਕੇ ਬਣਾ ਰਹੇ ਸੀ ਵੀਡੀਓ
ਮੁੰਬਈ : ਮੁੰਬਈ ਦੇ ਬਾਂਦਰਾ ਬੈਂਡਸਟੈਂਡ ਵਿਖੇ, ਇੱਕ ਜੋੜਾ ਉੱਚੀਆਂ ਲਹਿਰਾਂ ਦੇ ਵਿਚਕਾਰ ਇੱਕ ਚੱਟਾਨ 'ਤੇ ਬੈਠ ਕੇ ਫੋਟੋਆਂ ਖਿੱਚ ਰਿਹਾ ਸੀ। ਕਿਨਾਰੇ 'ਤੇ ਖੜ੍ਹੇ ਬਾਕੀ ਪ੍ਰਵਾਰ ਉਨ੍ਹਾਂ ਨੂੰ ਬਾਹਰ ਆਉਣ ਲਈ ਕਹਿ ਰਹੇ ਸਨ।
ਇਕ ਤੋਂ ਬਾਅਦ ਇਕ ਲਹਿਰਾਂ ਨੂੰ ਦੇਖ ਕੇ ਪ੍ਰਵਾਰ ਡਰਦਾ ਰਿਹਾ ਪਰ ਦੋਵੇਂ ਨਹੀਂ ਮੰਨੇ। ਅਖੀਰ ਇੱਕ ਉੱਚੀ ਲਹਿਰ ਆਈ ਅਤੇ ਪਤਨੀ ਨੂੰ ਲੈ ਗਈ। ਬੱਚੇ ‘ਮੰਮੀ-ਮੰਮੀ’ ਚੀਕਦੇ ਰਹੇ।
ਪਤੀ ਨੇ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਨਹੀਂ ਬਚਾ ਸਕਿਆ। ਇਹ ਹਾਦਸਾ ਐਤਵਾਰ ਨੂੰ ਵਾਪਰਿਆ, ਜਦਕਿ ਸੋਮਵਾਰ ਨੂੰ ਔਰਤ ਦੀ ਲਾਸ਼ ਸਮੁੰਦਰ 'ਚੋਂ ਮਿਲੀ।
ਹਾਦਸੇ ਵਾਲੇ ਦਿਨ ਪ੍ਰਵਾਰ ਜੁਹੂ ਚੌਪਾਟੀ 'ਤੇ ਪਿਕਨਿਕ ਮਨਾਉਣ ਗਿਆ ਹੋਇਆ ਸੀ। ਪਰ ਉੱਚੀ ਲਹਿਰਾਂ ਕਾਰਨ ਉਹ ਜੁਹੂ ਬੀਚ 'ਤੇ ਐਂਟਰੀ ਨਹੀਂ ਕਰ ਸਕੇ। ਇਸ ਤੋਂ ਬਾਅਦ ਪ੍ਰਵਾਰ ਬਾਂਦਰਾ ਬੈਂਡਸਟੈਂਡ ਪਹੁੰਚਿਆ। ਬਾਂਦਰਾ ਕਿਲ੍ਹੇ 'ਤੇ ਪਹੁੰਚ ਕੇ ਪ੍ਰਵਾਰ ਨੇ ਸਮੁੰਦਰ ਦੇ ਕੋਲ ਖੜ੍ਹੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿਤੀਆਂ।
ਇਸ ਤੋਂ ਬਾਅਦ ਮੁਕੇਸ਼ (35) ਅਤੇ ਜੋਤੀ (32) ਸਮੁੰਦਰ ਵਿਚ ਕੁਝ ਦੂਰ ਚਲੇ ਗਏ ਅਤੇ ਇਕ ਚੱਟਾਨ 'ਤੇ ਬੈਠ ਕੇ ਫੋਟੋਆਂ ਖਿੱਚਣ ਲੱਗੇ। ਪ੍ਰਵਾਰਕ ਮੈਂਬਰ ਉਨ੍ਹਾਂ ਨੂੰ ਦੂਰੋਂ-ਦੂਰੋਂ ਬੁਲਾਉਂਦੇ ਰਹੇ ਪਰ ਪਤੀ-ਪਤਨੀ ਉੱਥੇ ਹੀ ਬੈਠੇ ਰਹੇ। ਇਸ ਦੌਰਾਨ ਇਕ ਤੇਜ਼ ਲਹਿਰ ਦੋਵਾਂ ਨੂੰ ਆਪਣੇ ਨਾਲ ਲੈ ਗਈ।
ਮੁਕੇਸ਼ ਨੇ ਜੋਤੀ ਦੀ ਸਾੜੀ ਫੜ ਕੇ ਉਸ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਜੋਤੀ ਵਹਿ ਗਈ। ਉੱਥੇ ਮੌਜੂਦ ਹੋਰ ਲੋਕਾਂ ਨੇ ਮੁਕੇਸ਼ ਦੇ ਪੈਰ ਫੜ ਕੇ ਉਸ ਨੂੰ ਪਾਣੀ 'ਚੋਂ ਬਾਹਰ ਕੱਢਿਆ।
ਉਥੇ ਮੌਜੂਦ ਹੋਰ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿਤਾ ਹੈ। ਤੱਟ ਰੱਖਿਅਕਾਂ ਨੂੰ ਸੋਮਵਾਰ ਨੂੰ ਜੋਤੀ ਦੀ ਲਾਸ਼ ਮਿਲੀ।