
ਸੈਸ਼ਨ ਦੀ ਸ਼ੁਰੂਆਤ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵਲੋਂ ਸੋਮਵਾਰ ਨੂੰ ਦਿਤੇ ਰਾਤ ਦੇ ਖਾਣੇ ਨਾਲ ਹੋਵੇਗੀ
ਨਵੀਂ ਦਿੱਲੀ: 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਵਿਰੁਧ ਇਕਜੁਟ ਹੋ ਕੇ ਲੜਨ ਲਈ ਸੋਮਵਾਰ ਨੂੰ ਬੇਂਗਲੁਰੂ ’ਚ ਵਿਰੋਧੀ ਧਿਰ ਦੀ ਬੈਠਕ ’ਚ 26 ਵਿਰੋਧੀ ਪਾਰਟੀਆਂ ਦੇ ਸਿਖਰਲੇ ਆਗੂਆਂ ਦੇ ਦੋ ਦਿਨਾਂ ਵਿਚਾਰ-ਵਟਾਂਦਰੇ ਸੈਸ਼ਨ ’ਚ ਹਿੱਸਾ ਲੈਣ ਦੀ ਸੰਭਾਵਨਾ ਹੈ।
ਕਾਂਗਰਸ ਵਲੋਂ ਸੱਦੀ ਮੀਟਿੰਗ ਦੀ ਪੂਰਵ ਸੰਧਿਆ ’ਤੇ ਪਾਰਟੀ ਨੇ ਸਪੱਸ਼ਟ ਕੀਤਾ ਕਿ ਉਹ ਸੰਸਦ ’ਚ ਦਿੱਲੀ ’ਚ ਸੇਵਾਵਾਂ ਨੂੰ ਨਿਯਮਤ ਕਰਨ ’ਤੇ ਕੇਂਦਰ ਦੇ ਆਰਡੀਨੈਂਸ ਦਾ ਵਿਰੋਧ ਕਰੇਗੀ। ਆਮ ਆਦਮੀ ਪਾਰਟੀ ਨੇ ਇਹ ਸ਼ਰਤ ਰੱਖੀ ਸੀ ਕਿ ਉਹ ਵਿਰੋਧੀ ਪਾਰਟੀਆਂ ਦੀ ਮੀਟਿੰਗ ’ਚ ਤਾਂ ਹੀ ਹਿੱਸਾ ਲਵੇਗੀ ਜੇਕਰ ਕਾਂਗਰਸ ਸੰਸਦ ’ਚ ਆਰਡੀਨੈਂਸ ਦਾ ਵਿਰੋਧ ਕਰੇਗੀ।
ਦੋ ਦਿਨਾਂ ਸੈਸ਼ਨ ਦੀ ਸ਼ੁਰੂਆਤ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵਲੋਂ ਦਿਤੇ ਰਾਤ ਦੇ ਖਾਣੇ ਨਾਲ ਹੋਵੇਗੀ ਅਤੇ ਮੰਗਲਵਾਰ ਨੂੰ ਇਕ ਹੋਰ ਰਸਮੀ ਮੀਟਿੰਗ ਹੋਵੇਗੀ। 23 ਜੂਨ ਨੂੰ ਪਟਨਾ ’ਚ ਹੋਈ ਵਿਰੋਧੀ ਪਾਰਟੀਆਂ ਦੀ ਪਹਿਲੀ ਮੀਟਿੰਗ ’ਚ 15 ਪਾਰਟੀਆਂ ਨੇ ਹਿੱਸਾ ਲਿਆ ਸੀ। ਇਕ ਸੂਤਰ ਨੇ ਕਿਹਾ, ‘‘ਇਸ ਵਾਰ ਅਸੀਂ ਮੀਟਿੰਗ ’ਚ 26 ਪਾਰਟੀਆਂ ਦੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਕਰ ਰਹੇ ਹਾਂ।’’
ਵਿਰੋਧੀ ਧਿਰ ਦੀ ਬੈਠਕ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ’ਚ ਫੁੱਟ ਅਤੇ ਪਛਮੀ ਬੰਗਾਲ ਪੰਚਾਇਤ ਚੋਣਾਂ ’ਚ ਵੱਡੇ ਪੱਧਰ ’ਤੇ ਹੋਈ ਹਿੰਸਾ ਦੇ ਵਿਚਕਾਰ ਹੋ ਰਹੀ ਹੈ, ਜਿਸ ਕਾਰਨ ਕਈ ਲੋਕ ਮਾਰੇ ਗਏ ਸਨ।
ਕਾਂਗਰਸ ਦੀ ਪਛਮੀ ਬੰਗਾਲ ਇਕਾਈ ਅਤੇ ਖੱਬੀਆਂ ਪਾਰਟੀਆਂ ਨੇ ਬੰਗਾਲ ’ਚ ਚੋਣ ਹਿੰਸਾ ਨੂੰ ਲੈ ਕੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਕੀਤੀ ਹੈ।
ਸੂਤਰਾਂ ਨੇ ਦਸਿਆ ਕਿ ਵਿਰੋਧੀ ਪਾਰਟੀਆਂ ਭਾਜਪਾ ਦੀਆਂ ਨੀਤੀਆਂ ਵਿਰੁਧ ਦੇਸ਼ ਭਰ ’ਚ ਸਾਂਝੇ ਅੰਦੋਲਨ ਦੀ ਯੋਜਨਾ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਰਣਨੀਤੀ ’ਤੇ ਧਿਆਨ ਦਿਤਾ ਜਾਵੇਗਾ, ਖਾਸ ਤੌਰ ’ਤੇ ਮਹਾਰਾਸ਼ਟਰ ’ਚ ਐਨ.ਸੀ.ਪੀ. ’ਚ ਫੁੱਟ ਤੋਂ ਬਾਅਦ।
ਸੂਤਰਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਏਕਤਾ ਨੂੰ ਮਜ਼ਬੂਤ ਕਰਨ ਲਈ ਕਦਮਾਂ ਦਾ ਐਲਾਨ ਕਰਨਗੇ ਅਤੇ ‘‘ਵਿਰੋਧੀ ਸਰਕਾਰਾਂ ਨੂੰ ਡੇਗਣ ਅਤੇ ਰਾਜਪਾਲਾਂ ਰਾਹੀਂ ਗੈਰ-ਭਾਜਪਾ ਸ਼ਾਸਿਤ ਰਾਜਾਂ ਨੂੰ ਕੰਟਰੋਲ ਕਰਨ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕਰਨਗੇ।’’
ਸ਼ਿਵ ਸੈਨਾ (ਯੂ.ਬੀ.ਟੀ.) ਆਗੂ ਸੰਜੇ ਰਾਉਤ ਨੇ ਕਿਹਾ, ‘‘ਇਹ ਇਕ ਫੈਸਲਾਕੁੰਨ ਬੈਠਕ ਹੋਵੇਗੀ। ਕਈ ਮੁੱਦਿਆਂ ’ਤੇ ਚਰਚਾ ਹੋਵੇਗੀ।’’
ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਦੋ ਦਿਨਾ ਸੈਸ਼ਨ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਦੇ ਇਕਜੁਟ ਸੰਕਲਪ ਨੂੰ ਦਰਸਾਏਗਾ।
ਰਾਜਾ ਨੇ ਦਸਿਆ, ‘‘ਬੇਂਗਲੁਰੂ ਮੀਟਿੰਗ ਭਾਜਪਾ ਨੂੰ ਹਰਾਉਣ ਅਤੇ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਧਰਮ ਨਿਰਪੱਖ ਅਤੇ ਲੋਕਤੰਤਰੀ ਪਾਰਟੀਆਂ ਨੂੰ ਇਕਜੁਟ ਕਰਨ ਦੀ ਦਿਸ਼ਾ ’ਚ ਇਕ ਹੋਰ ਕਦਮ ਹੋਵੇਗਾ।’’ ਇਸ ਵਾਰ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਵੀ ਮੀਟਿੰਗ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਐਨ.ਸੀ.ਪੀ. ਸੁਪਰੀਮੋ ਸ਼ਰਦ ਪਵਾਰ, ਟੀ.ਐਮ.ਸੀ. ਮੁਖੀ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਨੇਤਾ ਨਿਤੀਸ਼ ਕੁਮਾਰ, ਡੀ.ਐਮ.ਕੇ. ਆਗੂ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਝਾਰਖੰਡ ਮੁਕਤੀ ਮੋਰਚਾ ਦੇ ਆਗੂ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੀਟਿੰਗ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।