ਨਵੀਂਆਂ ਚਮਕਦਾਰ ਲਾਲ ਅਤੇ ਕਾਲੀ ਬੈਟਰੀ ਨਾਲ ਚੱਲਣ ਵਾਲੀਆਂ (ਈ.ਵੀ.) ਡਬਲ ਡੈਕਰ ਬੱਸਾਂ ਚੱਲਣੀਆਂ ਸ਼ੁਰੂ
ਮੁੰਬਈ: ਮੁੰਬਈ ਦੇ ਲੋਕਾਂ ਨੇ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਅਤੇ ਟਰਾਂਸਪੋਰਟ (ਬੈਸਟ) ਦੇ ਅੰਡਰਟੇਕਿੰਗ ਦੀ ਆਖਰੀ ਡੀਜ਼ਲ ਨਾਲ ਚੱਲਣ ਵਾਲੀ ‘ਡਬਲ ਡੇਕਰ’ ਬੱਸ ਨੂੰ ਅਲਵਿਦਾ ਕਹਿ ਦਿਤਾ ਅਤੇ ਇਹ ਬੱਸਾਂ ਜੋ ਕਦੇ ਮੁੰਬਈ ਦੀਆਂ ਸੜਕਾਂ ’ਤੇ ਚਲਦੀਆਂ ਸਨ, ਹੁਣ ਇਤਿਹਾਸ ਬਣ ਗਈਆਂ ਹਨ।
ਮੁੰਬਈ ਦੇ ਬਹੁਤ ਸਾਰੇ ਲੋਕਾਂ ਅਤੇ ਬੱਸ ’ਚ ਸਫ਼ਰ ਕਰਨ ਵਾਲੇ ਕਈ ਯਾਤਰੀਆਂ ਅਤੇ ਕਰਮਚਾਰੀਆਂ ਨੇ ਇਸ ਲਾਲ ਰੰਗ ਦੀ ਡਬਲ ਡੈਕਰ ਬੱਸ ਨਾਲ ਜੁੜੀਆਂ ਅਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ।
ਉਦਯੋਗਪਤੀ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਨਮਸਤੇ, ਮੁੰਬਈ ਪੁਲਿਸ? ਮੈਂ ਅਪਣੇ ਬਚਪਨ ਦੀਆਂ ਸਭ ਤੋਂ ਮਹੱਤਵਪੂਰਨ ਯਾਦਾਂ ’ਚੋਂ ਇਕ ਦੀ ਚੋਰੀ ਵਿਰੁਧ ਸ਼ਿਕਾਇਤ ਦਰਜ ਕਰਵਾਉਣਾ ਚਾਹਾਂਗਾ।’’
ਇਸ ਡਬਲ ਡੈਕਰ ਬੱਸ ਨੇ ਸ਼ੁਕਰਵਾਰ ਰਾਤ ਕਰੀਬ 11.05 ਵਜੇ ਅੰਧੇਰੀ ਰੇਲਵੇ ਸਟੇਸ਼ਨ ਤੋਂ ਪਛਮੀ ਉਪਨਗਰ ਦੇ ਸੀਪਜ਼ ਪਿੰਡ ਤਕ ਰੂਟ ਨੰਬਰ 415 ’ਤੇ ਅਪਣਾ ਆਖਰੀ ਸਫਰ ਸ਼ੁਰੂ ਕੀਤਾ। ਮੰਜ਼ਿਲ ’ਤੇ ਪਹੁੰਚ ਕੇ ਬੱਸ ‘ਬੈਸਟ’ ਦੇ ਮਰੋਲ ਡਿਪੂ ਲਈ ਰਵਾਨਾ ਹੋਈ।
ਬੈਸਟ ਦੇ ਰੂਟ ਨੰਬਰ 415 ’ਤੇ ਬੱਸ ਕੰਡਕਟਰ ਗੋਪਾਲ ਸੁਤਕੇ ਨੇ ਡਬਲ ਡੈਕਰ ਬੱਸਾਂ ਨਾਲ ਜੁੜੀਆਂ ਅਪਣੀਆਂ ਯਾਦਾਂ ਬਾਰੇ ਕਿਹਾ, ‘‘ਮੈਂ ਡਬਲ ਡੈਕਰ ਬੱਸਾਂ ਨਾਲ 15 ਸਾਲਾਂ ਦਾ ਯਾਦਗਾਰ ਸਫ਼ਰ ਕੀਤਾ ਹੈ। ਇਹ ‘ਮੁੰਬਈ ਦੀ ਸ਼ਾਨ’ ਸੀ ਅਤੇ ਹੁਣ ਅਸੀਂ ਇਸ ਨੂੰ ਦੁਬਾਰਾ ਨਹੀਂ ਵੇਖਾਂਗੇ। ਅਸੀਂ ਬੱਸ ਦੇ ਆਖਰੀ ਸਫ਼ਰ ਦੌਰਾਨ ਯਾਤਰੀਆਂ ਨੂੰ ਵਿਸ਼ੇਸ਼ ਟਿਕਟਾਂ ਵਜੋਂ ਪੁਰਾਣੀਆਂ ਟਿਕਟਾਂ ਵੰਡੀਆਂ।’’
ਇਸ ਤਰ੍ਹਾਂ ਲਾਲ ਡੀਜ਼ਲ ਨਾਲ ਚੱਲਣ ਵਾਲੀ ਡਬਲ ਡੈਕਰ ਬੱਸ ਦੇ ਯੁੱਗ ਦਾ ਅੰਤ ਹੋਇਆ ਜੋ 86 ਸਾਲ ਪਹਿਲਾਂ ਸ਼ਹਿਰ ਦੀਆਂ ਸੜਕਾਂ ’ਤੇ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੀ ਥਾਂ ਇਸ ਸਾਲ ਫਰਵਰੀ ਤੋਂ ਨਵੀਂਆਂ ਚਮਕਦਾਰ ਲਾਲ ਅਤੇ ਕਾਲੀ ਬੈਟਰੀ ਨਾਲ ਚੱਲਣ ਵਾਲੀਆਂ (ਈ.ਵੀ.) ਡਬਲ ਡੈਕਰ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ।
ਹਾਲਾਂਕਿ, ਦਖਣੀ ਮੁੰਬਈ ’ਚ ਸੈਰ-ਸਪਾਟੇ ਲਈ ਵਰਤੀਆਂ ਜਾਣ ਵਾਲੀਆਂ ਤਿੰਨ ਓਪਨ-ਟਾਪ ਡੀਜ਼ਲ-ਸੰਚਾਲਿਤ ਡਬਲ-ਡੈਕਰ ਬੱਸਾਂ ਅਜੇ ਵੀ ਚੱਲ ਰਹੀਆਂ ਹਨ। ‘ਬੈਸਟ’ ਅਧਿਕਾਰੀਆਂ ਨੇ ਦਸਿਆ ਕਿ ਇਹ ਬੱਸਾਂ ਵੀ 5 ਅਕਤੂਬਰ ਨੂੰ ਸੜਕਾਂ ਤੋਂ ਹਟਾਈਆਂ ਜਾਣਗੀਆਂ।
ਫੁੱਲਾਂ ਦੇ ਹਾਰਾਂ ਅਤੇ ਗੁਬਾਰਿਆਂ ਨਾਲ ਸਜੀ, ਆਖਰੀ ਡੀਜ਼ਲ ਨਾਲ ਚੱਲਣ ਵਾਲੀ ਡਬਲ ਡੈਕਰ ਬੱਸ ਸ਼ੁਕਰਵਾਰ ਸਵੇਰੇ ਬੈਸਟ ਦੇ ਮਰੋਲ ਡਿਪੂ ਤੋਂ ਰਵਾਨਾ ਹੋਈ ਅਤੇ ਸਾਰਾ ਦਿਨ ਲੋਕਾਂ ਦਾ ਧਿਆਨ ਖਿੱਚਦੀ ਰਹੀ। ਲੋਕ ਬੱਸ ਦੇ ਅੰਦਰ ਅਤੇ ਬਾਹਰ ਤਸਵੀਰਾਂ ਖਿਚਦੇ ਅਤੇ ਸੈਲਫੀ ਲੈਂਦੇ ਵੇਖੇ ਗਏ।
ਡਬਲ ਡੈਕਰ ਬੱਸ ਨੂੰ ਅੰਤਿਮ ਯਾਤਰਾ ’ਤੇ ਵਿਦਾਇਗੀ ਦੇਣ ਲਈ ਯਾਤਰੀ ਸਮੂਹ ‘ਅਪਾਲੀ ਬੈਸਟ ਆਪਿਆਸਥੀ’ ਦੇ ਮੈਂਬਰ ਅਤੇ ਕੁਝ ਬੱਸ ਪ੍ਰੇਮੀ ਅੰਧੇਰੀ ਈਸਟ ਵਿਖੇ ਮੌਜੂਦ ਸਨ। ‘ਆਪਾਲੀ ਬੈਸਟ ਅਭਿਸ਼ੇਕ ਸਾਥੀ’ ਦੇ ਪ੍ਰਧਾਨ ਰੂਪੇਸ਼ ਸ਼ੈਲਾਟਕਰ ਨੇ ਇਸ ਮੌਕੇ ਕਿਹਾ ਕਿ ਆਮ ਨਾਗਰਿਕਾਂ ਤੋਂ ਇਲਾਵਾ, ਮਸ਼ਹੂਰ ਬਾਲੀਵੁੱਡ ਅਦਾਕਾਰ ਜੂਨੀਅਰ ਮਹਿਮੂਦ ਵਰਗੀਆਂ ਮਸ਼ਹੂਰ ਹਸਤੀਆਂ ਵੀ ਮੌਜੂਦ ਸਨ।
ਇਸ ਮੌਕੇ ਬੈਸਟ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਕੇਕ ਕੱਟਿਆ। ਉੱਥੇ ਇਕੱਠੇ ਹੋਏ ਯਾਤਰੀਆਂ ਅਤੇ ਬੱਸ ਪ੍ਰੇਮੀਆਂ ਨੇ ਤਾੜੀਆਂ ਮਾਰ ਕੇ ਇਸ ਡਬਲ ਡੈਕਰ ਬੱਸ ਦਾ ਧੰਨਵਾਦ ਕੀਤਾ।