
ਸ਼ਮਸ਼ਾਨਘਾਟ ’ਤੇ ਕਬਜ਼ੇ ਦੀ ਸ਼ਿਕਾਇਤ ਲੈ ਕੇ ਆਏ ਸਨ ਸ਼ਿਕਾਇਤਕਰਤਾ
ਬਰੇਲੀ (ਉੱਤਰ ਪ੍ਰਦੇਸ਼): ਬਰੇਲੀ ਜ਼ਿਲ੍ਹੇ ਦੀ ਮੀਰਗੰਜ ਤਹਿਸੀਲ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਵਲੋਂ ਸ਼ਮਸ਼ਾਨਘਾਟ ’ਤੇ ਕਬਜ਼ੇ ਦੀ ਸ਼ਿਕਾਇਤ ਲੈ ਕੇ ਆਏ ਇਕ ਸ਼ਿਕਾਇਤਕਰਤਾ ਨੂੰ ਕਥਿਤ ਤੌਰ ’ਤੇ ਮੁਰਗਾ ਬਣਾਏ ਜਾਣ ਦੀ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਕੇ ਜ਼ਿਲ੍ਹਾ ਹੈੱਡਕੁਆਰਟਰ ਭੇਜ ਦਿਤਾ ਗਿਆ ਹੈ।
ਇਸ ਵੀਡੀਉ ’ਚ ਐੱਸ.ਡੀ.ਐੱਮ. ਕਥਿਤ ਤੌਰ ’ਤੇ ਇਕ ਵਿਅਕਤੀ ਨੂੰ ਅਪਣੇ ਦਫਤਰ ’ਚ ਮੁਰਗਾ ਬਣਨ ਲਈ ਕਹਿੰਦੇ ਨਜ਼ਰ ਆ ਰਹੇ ਹਨ। ਇਹ ਕਥਿਤ ਵੀਡੀਉ ਸ਼ੁਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਬਰੇਲੀ ਦੇ ਕਮਿਸ਼ਨਰ ਸੌਮਿਆ ਅਗਰਵਾਲ ਨੇ ਕਿਹਾ ਕਿ ਮੀਰਗੰਜ ਤਹਿਸੀਲ ’ਚ ਸ਼ਿਕਾਇਤਕਰਤਾ ਨੂੰ ਮੁਰਗਾ ਬਣਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਗਏ ਹਨ।
ਇਸ ਮੁੱਦੇ ’ਤੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ ਸਰਕਾਰ ਨੂੰ ਖੁਦ ਹੀ ਨੋਟਿਸ ਲੈਣਾ ਚਾਹੀਦਾ ਹੈ, ਅਧਿਕਾਰੀ ਨੂੰ ਮੁਅੱਤਲ ਕਰਨਾ ਚਾਹੀਦਾ ਹੈ ਅਤੇ ਜਾਂਚ ਕਰਨੀ ਚਾਹੀਦੀ ਹੈ ਜਾਂ ਫਿਰ ਅਦਾਲਤ ਨੂੰ ਇਸ ਦਾ ਖੁਦ ਨੋਟਿਸ ਲੈਣਾ ਚਾਹੀਦਾ ਹੈ।
ਬਰੇਲੀ ਦੇ ਜ਼ਿਲ੍ਹਾ ਅਧਿਕਾਰੀ ਸ਼ਿਵਕਾਂਤ ਦਿਵੇਦੀ ਨੇ ਕਿਹਾ ਕਿ ਮੀਰਗੰਜ ਉਪ ਜ਼ਿਲ੍ਹਾ ਅਧਿਕਾਰੀ (ਐੱਸ.ਡੀ.ਐੱਮ.) ਉਦਿਤ ਪਵਾਰ ’ਤੇ ਸ਼ੁਕਰਵਾਰ ਨੂੰ ਇਕ ਪਿੰਡ ਵਾਸੀ ਨੂੰ ਮੁਰਗਾ ਬਣਾਉਣ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਐਸ.ਡੀ.ਐਮ ਦੀ ਅਣਗਹਿਲੀ ਸਾਹਮਣੇ ਆ ਗਈ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਭੇਜ ਕੇ ਵਧੀਕ ਉਪ ਜ਼ਿਲ੍ਹਾ ਮੈਜਿਸਟਰੇਟ ਦੇਸ਼ ਦੀਪਕ ਸਿੰਘ ਨੂੰ ਮੀਰਗੰਜ ਦਾ ਐਸ.ਡੀ.ਐਮ. ਬਣਾਇਆ ਗਿਆ ਹੈ।
ਦੂਜੇ ਪਾਸੇ ਐੱਸ.ਡੀ.ਐੱਮ. ਉਦਿਤ ਪਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਮੁਰਗਾ ਬਣਨ ਲਈ ਨਹੀਂ ਕਿਹਾ। ਪਵਾਰ ਨੇ ਕਿਹਾ ਕਿ ਇਕ ਨੌਜਵਾਨ ਉਨ੍ਹਾਂ ਦੇ ਦਫਤਰ ’ਚ ਦਾਖਲ ਹੁੰਦੇ ਖੁਦ ਹੀ ਮੁਰਗਾ ਬਣ ਗਿਆ ਅਤੇ ਉਸ ਦੇ ਸਾਥੀਆਂ ਨੇ ਇਸ ਦੀ ਵੀਡੀਉ ਬਣਾ ਕੇ ਵਾਇਰਲ ਕਰ ਦਿਤਾ। ਪਵਾਰ ਨੇ ਦਸਿਆ ਕਿ ਸ਼ਿਕਾਇਤਕਰਤਾ ਨੌਜੁਆਨ ਨੇ ਸ਼ਮਸ਼ਾਨਘਾਟ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ’ਤੇ ਉਨ੍ਹਾਂ ਤਹਿਸੀਲਦਾਰ ਤੋਂ ਜਾਂਚ ਕਰਵਾਉਣ ਦਾ ਭਰੋਸਾ ਦਿਤਾ ਸੀ। ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਭਰੋਸਾ ਦਿਤਾ ਸੀ ਕਿ ਜੇਕਰ ਸ਼ਮਸ਼ਾਨਘਾਟ ਦੀ ਜ਼ਮੀਨ ’ਤੇ ਕਬਜ਼ਾ ਹੋਇਆ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।
ਸ਼ਿਕਾਇਤਕਰਤਾ ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਅਪਣੇ ਪਿੰਡ ਮੰਡਾਂਪੁਰ ਦੇ ਸ਼ਮਸ਼ਾਨਘਾਟ ਤੋਂ ਕਬਜ਼ੇ ਹਟਾਉਣ ਦੀ ਮੰਗ ਕੀਤੀ ਤਾਂ ਐੱਸ.ਡੀ.ਐੱਮ. ਨੇ ਉਸ ਨੂੰ ਧਮਕਾਇਆ ਅਤੇ ਮੁਰਗਾ ਬਣਨ ਲਈ ਮਜਬੂਰ ਕਰ ਕੇ ਬੇਇੱਜ਼ਤ ਕੀਤਾ।
ਪਿੰਡ ਮੰਡਪੁਰ ਦੇ ਪੱਪੂ ਲੋਧੀ, ਰਾਮਵੀਰ, ਮਹੇਸ਼ ਆਦਿ ਦਾ ਕਹਿਣਾ ਹੈ ਕਿ ਸ਼ਮਸ਼ਾਨਘਾਟ ’ਤੇ ਮੁਸਲਮਾਨਾਂ ਨੇ ਕਬਜ਼ਾ ਕਰ ਲਿਆ ਹੈ ਅਤੇ ਅਜਿਹੇ ’ਚ ਜੇਕਰ ਕੋਈ ਹਿੰਦੂ ਮਰਦਾ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਰਾਮਗੰਗਾ ਦੇ ਕੰਢੇ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਰਾਮਗੰਗਾ ਨਦੀ ’ਚ ਪਾਣੀ ਭਰਿਆ ਹੋਇਆ ਹੈ, ਇਸ ਲਈ ਉੱਥੇ ਵੀ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਸਕਦਾ।
ਇਨ੍ਹਾਂ ਪਿੰਡ ਵਾਸੀਆਂ ਨੇ ਦਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਐੱਸ.ਡੀ.ਐੱਮ. ਨੂੰ ਮਿਲ ਕੇ ਕਬਜ਼ਾ ਹਟਾਉਣ ਦੀ ਮੰਗ ਕੀਤੀ ਗਈ ਪਰ ਤਹਿਸੀਲ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ।
ਪਿੰਡ ਵਾਸੀਆਂ ਨੇ ਦਸਿਆ ਕਿ ਸ਼ੁਕਰਵਾਰ ਨੂੰ ਰਾਮਕੁਮਾਰ, ਪੂਰਨਲਾਲ, ਧਰਮਪਾਲ ਗੇਦਨ ਲਾਲ ਸਮੇਤ ਦਰਜਨਾਂ ਪਿੰਡ ਵਾਸੀ ਮੀਰਗੰਜ ਤਹਿਸੀਲ ਪੁੱਜੇ ਅਤੇ ਐੱਸ.ਡੀ.ਐੱਮ. ਉਦਿਤ ਪਵਾਰ ਨੂੰ ਮੰਗ ਪੱਤਰ ਦਿਤਾ। ਪਿੰਡ ਵਾਸੀਆਂ ਨੇ ਦਸਿਆ ਕਿ ਇਸ ਦੇ ਜਵਾਬ ’ਚ ਉਨ੍ਹਾਂ ਨੂੰ ਉਹੀ ਪੁਰਾਣਾ ਜਵਾਬ ਮਿਲਿਆ ਹੈ ਕਿ ਤਹਿਸੀਲਦਾਰ ਵਲੋਂ ਜਾਂਚ ਉਪਰੰਤ ਜੋ ਰੀਪੋਰਟ ਦਿਤੀ ਜਾਵੇਗੀ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਪੱਪੂ ਅਤੇ ਰਾਜਵੀਰ ਨੇ ਦਸਿਆ ਕਿ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਮੰਗ ਨੂੰ ਜਾਂਚ ਦਾ ਕਹਿ ਕੇ ਟਾਲ ਦਿਤਾ ਗਿਆ ਸੀ ਅਤੇ ਇਸ ਵਾਰ ਵੀ ਅਜਿਹਾ ਹੀ ਕੀਤਾ ਗਿਆ। ਉਨ੍ਹਾਂ ਦਸਿਆ ਕਿ ਜਦੋਂ ਐੱਸ.ਡੀ.ਐੱਮ. ਨੂੰ ਕਾਰਵਾਈ ਕਰਨ ’ਚ ਦੇਰੀ ਦੀ ਸ਼ਿਕਾਇਤ ਕੀਤੀ ਤਾਂ ਉਹ ਗੁੱਸੇ ’ਚ ਆ ਗਏ ਅਤੇ ਪਿੰਡ ਵਾਸੀਆਂ ਨੂੰ ਤਾੜਨਾ ਕਰਦਿਆਂ ਕਮਰੇ ’ਚੋਂ ਚਲੇ ਜਾਣ ਲਈ ਕਿਹਾ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਇਸ ਦੌਰਾਨ ਐੱਸ.ਡੀ.ਐੱਮ. ਨੇ ਗੁੱਸੇ ’ਚ ਆ ਕੇ ਇਕ ਨੌਜੁਆਨ ਨੂੰ ਮੁਰਗਾ ਬਣਨ ਲਈ ਕਿਹਾ।