ਕਿਹਾ, ਅਭਿਜੀਤ ਮੰਡਲ ਨੇ ਪਾਰਦਰਸ਼ੀ ਢੰਗ ਨਾਲ ਜਾਂਚ ਕੀਤੀ
ਕੋਲਕਾਤਾ: ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਆਰ.ਜੀ. ਕਰ ਹਸਪਤਾਲ ਜਬਰ ਜਨਾਹ-ਕਤਲ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਗ੍ਰਿਫ਼ਤਾਰ ਕੀਤੇ ਗਏ ਤਾਲਾ ਥਾਣੇ ਦੇ ਇੰਚਾਰਜ ਅਭਿਜੀਤ ਮੰਡਲ ਦਾ ਸਮਰਥਨ ਕਰਦਿਆਂ ਕਿਹਾ ਕਿ ਉਸ ਨੇ ਮੁੱਢਲੀ ਜਾਂਚ ਪਾਰਦਰਸ਼ੀ ਢੰਗ ਨਾਲ ਕੀਤੀ ਸੀ।
ਕੋਲਕਾਤਾ ਪੁਲਿਸ ਦੇ ਵਧੀਕ ਕਮਿਸ਼ਨਰ ਵੀ. ਸੋਲੋਮਨ ਨੇਸਾਕੁਮਾਰ ਨੇ ਕੋਲਕਾਤਾ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੰਡਲ ਦੇ ਪਰਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ। ਨੇਸਾਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਅਭਿਜੀਤ ਮੰਡਲ ਦੇ ਪਰਵਾਰ ਨੂੰ ਮਿਲੇ। ਅਸੀਂ ਉਸ ਦੀ ਪਤਨੀ ਨਾਲ ਗੱਲ ਕੀਤੀ ਅਤੇ ਉਸ ਨੂੰ ਦਸਿਆ ਕਿ ਪੁਲਿਸ ਵਿਭਾਗ ਉਸ ਦੇ ਨਾਲ ਇਕ ਪਰਵਾਰ ਵਾਂਗ ਖੜਾ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।’’
ਸੀ.ਬੀ.ਆਈ. ਨੇ ਡਿਊਟੀ ’ਤੇ ਤਾਇਨਾਤ ਪੋਸਟ ਗ੍ਰੈਜੂਏਟ ਸਿਖਾਂਦਰੂ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਸਨਿਚਰਵਾਰ ਨੂੰ ਤਾਲਾ ਥਾਣੇ ਦੇ ਇੰਚਾਰਜ ਨੂੰ ਗ੍ਰਿਫਤਾਰ ਕੀਤਾ, ਜਿਸ ਦੀ ਲਾਸ਼ 9 ਅਗੱਸਤ ਨੂੰ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਰੂਮ ’ਚੋਂ ਮਿਲੀ ਸੀ। ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਤਾਲਾ ਥਾਣੇ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਕੇਂਦਰੀ ਏਜੰਸੀ ਦੇ ਇਕ ਅਧਿਕਾਰੀ ਮੁਤਾਬਕ ਮੰਡਲ ’ਤੇ ਸਬੂਤਾਂ ਨਾਲ ਛੇੜਛਾੜ, ਐਫ.ਆਈ.ਆਰ. ਦਰਜ ਕਰਨ ’ਚ ਦੇਰੀ ਅਤੇ ਹੋਰ ਸਬੰਧਤ ਅਪਰਾਧਾਂ ਦੇ ਦੋਸ਼ ਲੱਗੇ ਹਨ।
ਨੇਸਾਕੁਮਾਰ ਨੇ ਕਿਹਾ, ‘‘ਮੇਰਾ ਨਿੱਜੀ ਤੌਰ ’ਤੇ ਮੰਨਣਾ ਹੈ ਕਿ ਉਹ (ਮੰਡਲ) ਦੋਸ਼ੀ ਨਹੀਂ ਹੈ। ਮੰਡਲ ਨੇ ਜੋ ਕੁੱਝ ਵੀ ਕੀਤਾ, ਉਹ ਚੰਗੇ ਇਰਾਦਿਆਂ ਨਾਲ ਕੀਤਾ। ਉਹ ਘੱਟ ਤੋਂ ਘੱਟ ਸਮੇਂ ’ਚ ਮੌਕੇ ’ਤੇ ਪਹੁੰਚੇ, ਪਾਰਦਰਸ਼ੀ ਜਾਂਚ ਕੀਤੀ ਅਤੇ ਨਿਆਂ ਦੇ ਹਿੱਤ ’ਚ ਕੰਮ ਕੀਤਾ।’’ਮੰਡਲ ਦੇ ਨਾਲ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਨੂੰ ਵੀ ਸੀ.ਬੀ.ਆਈ. ਨੇ ਗ੍ਰਿਫਤਾਰ ਕੀਤਾ ਹੈ, ਜੋ ਕਲਕੱਤਾ ਹਾਈ ਕੋਰਟ ਦੇ ਹੁਕਮਾਂ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਘੋਸ਼ ਨੂੰ ਪਹਿਲਾਂ ਹਸਪਤਾਲ ਦੀਆਂ ਵਿੱਤੀ ਬੇਨਿਯਮੀਆਂ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ।