ਭਗਵਾਨ ਗਣੇਸ਼ ਦੀ ਮੂਰਤੀ ਦੇ ਵਿਸਰਜਨ ਦੀ ਸ਼ੋਭਾਯਾਤਰਾ ਦੌਰਾਨ ਭੜਕੀ ਹਿੰਸਾ
ਮੰਗਲੁਰੂ (ਕਰਨਾਟਕ) : ਦਖਣੀ ਕੰਨੜ ਜ਼ਿਲ੍ਹੇ ਦੇ ਕਟਿਪੱਲਾ ਸ਼ਹਿਰ ਅਤੇ ਬੰਟਵਾਲ ਕਰਾਸ (ਬੀ.ਸੀ.) ਰੋਡ ’ਚ ਧਾਰਮਕ ਅਸਥਾਨਾਂ ’ਤੇ ਪੱਥਰਬਾਜ਼ੀ ਅਤੇ ਦੋ ਸਮੂਹਾਂ ਵਿਚਕਾਰ ਝੜਪ ਦੀਆਂ ਘਟਨਾਵਾਂ ਤੋਂ ਬਾਅਦ ਤਣਾਅ ਦੀ ਸਥਿਤੀ ਪੈਦਾ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਇਹ ਦੋਵੇਂ ਘਟਨਾਵਾਂ ਪਿਛਲੇ ਹਫ਼ਤੇ ਮਾਂਡਿਆ ਜ਼ਿਲ੍ਹੇ ’ਚ ਭਗਵਾਨ ਗਣੇਸ਼ ਦੀ ਮੂਰਤੀ ਦੇ ਵਿਸਰਜਨ ਦੀ ਸ਼ੋਭਾਯਾਤਰਾ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਹੋਈਆਂ।
ਪੁਲਿਸ ਸੂਤਰਾਂ ਨੇ ਕਿਹਾ ਕਿ ਫ਼ਿਰਕੂ ਭਾਈਚਾਰਾ ਵਿਗਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਪੁਲਿਸ ਨੇ ਅੱਧਾ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ ਜਿੱਥੋਂ ਉਨ੍ਹਾਂ ਨੂੰ ਨਆਂਇਕ ਹਿਰਾਸਤ ’ਚ ਜੇਲ ਭੇਜ ਦਿਤਾ ਗਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਧਰ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਸੈਂਕੜੇ ਕਾਰਕੁਨਾਂ ਨੇ ਮਾਂਡਿਆ ਜ਼ਿਲ੍ਹੇ ਦੇ ਨਾਗਮੰਗਲਾ ’ਚ 11 ਸਤੰਬਰ ਨੂੰ ਗਣੇਸ਼ ਦੀ ਮੂਰਤੀ ਦੇ ਵਿਸਰਜਨ ਜਲੂਸ ’ਤੇ ਪੱਥਰਬਾਜ਼ੀ ਦੀ ਘਟਨਾ ਦੇ ਵਿਰੋਧ ’ਚ ਸੋਮਵਾਰ ਨੂੰ ਇਥੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੁਲਜ਼ਮਾਂ ’ਤੇ ਸ਼ਖਤ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਨੇ ਕਿਹਾ ਕਿ ਮੰਗਲੁਰੂ ਤਹਿਸੀਲ ਦੇ ਕਟਿਪੱਲਾ ਕਸਬੇ ’ਚ ਪੱਥਰਬਾਜ਼ੀ ਦੀ ਘਟਨਾ ਐਤਵਾਰ ਦੇਰ ਰਾਤ ਲਗਭਗ 9:50 ਵਜੇ ਹੋਈ ਪਰ ਤੁਰਤ ਕਾਰਵਾਈ ਕਰ ਕੇ ਸਥਿਤ ਨੂੰ ਕਾਬੂ ਕਰ ਲਿਆ ਗਿਆ ਅਤੇ ਇਲਾਕੇ ’ਚ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਧਾਰਮਕ ਸਥਾਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਪੁਲਿਸ ਮੁਤਾਬਕ ਕਥਿਤ ਪੱਥਰਬਾਜ਼ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ। ਘਟਨਾ ਤੋਂ ਬਾਦਅ ਮੌਕੇ ’ਤੇ ਭਾਰੀ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ। ਨੈਸ਼ਨਲ ਹਾਈਵੇ-75 ਨਾਲ ਲੱਗੇ ਬੰਟਵਾਲ ਦੇ ਬੀ.ਸੀ. ਰੋਡ ਕਸਬੇ ’ਚ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਮੰਚਾਂ ’ਤੇ ਦੋ ਸਮੂਹਾਂ ਵਿਚਕਾਰ ਭੜਕਾਊ ਬਿਆਨ ਪੋਸਟ ਕੀਤੇ ਜਾਣ ਮਗਰੋਂ ਤਣਾਅ ਪੈਦਾ ਹੋ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਬੰਟਵਾਲ ਨਗਰਪਾਲਿਕਾ ਕੌਂਸਲ ਦੇ ਸਾਬਕਾ ਪ੍ਰਧਾਨ ਮੁਹੰਮਦ ਸ਼ਰੀਫ਼ ਦੇ ਇਕ ‘ਵਾਇਸ ਮੈਸੇਜ’ ਤੋਂ ਬਾਅਦ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋਏ।ਉਨ੍ਹਾਂ ਕਿਹਾ ਕਿ ਸ਼ਰੀਫ਼ ਨੇ ਵਿਸ਼ਵ ਹਿੰਦੂ ਪਰਿਸ਼ਦ ਆਗੂ ਸ਼ਰਣ ਪੰਪਵੇਲ ਨੂੰ ਚੁਨੌਤੀ ਦਿਤੀ ਸੀ ਕਿ ਈਦ-ਏ-ਮਿਲਾਦ ਦੇ ਜਲੂਸ ਦੌਰਾਨ ਉਨ੍ਹਾਂ ਸਾਹਮਣੇ ਆ ਕੇ ਵਿਖਾਏ। ਦਖਣੀ ਕੰਨੜ ਜ਼ਿਲ੍ਹਾ ਪੁਲਿਸ ਨੇ ਕਿਹਾ ਕਿ ਇਸ ਤੋਂ ਬਾਅਦ ਅਹਿਤਿਆਤਨ ਬੰਟਵਾਲ ਦੇ ਪੂਰਬੀ ਹਿੱਸੇ ’ਚ ਉਪਨੰਗੜੀ ਅਤੇ ਪਛਮੀ ਹਿੱਸੇ ’ਚ ਪਨਮੰਗਲੂਰ ’ਚ ਗਸ਼ਤ ਤੇਜ਼ ਕਰ ਦਿਤੀ।
ਪੁਲਿਸ ਅਨੁਸਾਰ ਸ਼ਰੀਫ਼ ਅਤੇ ਬੰਟਵਾਲ ਨਗਰ ਪਾਲਿਕਾ ਦੇ ਕੌਂਸਲਰ ਮੁਹੰਮਦ ਤਸੈਨਾਰ ਵਿਰੁਧ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਦਸਿਆ ਕਿ ਪੰਪਵੇਲ ਅਤੇ ਬਜਰੰਗ ਦਲ ਦੇ ਆਗੂ ਪੁਨੀਤ ਅੱਟਾਵਰ ਵਿਰੁਧ ਵੀ ਭੜਕਾਊ ਬਿਆਨ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ।ਬੀ.ਸੀ. ਰੋਡ ਪੁੱਜੇ ਪੰਪਵੇਲ ਨੇ ਕਿਹਾ ਕਿ ਉਨ੍ਹਾਂ (ਸ਼ਰੀਫ਼ ਦੀ) ਚੁਨੌਤੀ ਨੂੰ ਮਨਜ਼ੂਰ ਕੀਤਾ ਹੈ ਅਤੇ ਹਜ਼ਾਰਾਂ ਹਿੰਦੂਵਾਦੀ ਕਾਰਕੁਨਾਂ ਨੂੰ ਨਾਲ ਲੈ ਕੇ ਆਏ ਹਨ। ਸੋਸ਼ਲ ਮੀਡੀਆ ਮੰਚਾਂ ’ਤੇ ਲਗਾਤਾਰ ਨਜ਼ਰ ਰੱਖ ਰਹੀ ਮੰਗਲੁਰੂ ਪੁਲਿਸ ਭੜਕਾਊ ਬਿਆਨ ਦੇਣ ਵਾਲਿਆਂ ਵਿਰੁਧ ਕਾਰਵਾਈ ਕਰ ਰਹੀ ਹੈ ਅਤੇ ਮੰਗਲੁਰੂ ਪੁਲਿਸ ਕਮਿਸ਼ਨਰ ਅਨੁਪਮ ਅਗਰਵਾਲ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਦੇ ਚੁੱਕੇ ਹਨ। ਇਸ ਦੌਰਾਨ ਪੁਲਿਸ ਆਈ.ਜੀ. (ਪਛਮੀ ਖੇਤਰ) ਅਮਿਤ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
ਮੁਸਲਮਾਨ ਨੌਜੁਆਨਾਂ ਨੇ ਈਦ-ਏ-ਮਿਲਾਦ ਹੇਠ ਬੀ.ਸੀ. ਰੋਡ ’ਤੇ ਮੋਟਰਸਾਈਕਲ ਰੈਲੀ ਕੱਢੀ। ਇਸ ਤੋਂ ਪਹਿਲਾਂ ਬਜਰੰਗ ਦਲ ਅਤੇ ਹੋਰ ਹਿੰਦੂਵਾਦੀ ਜਥੇਬੰਦੀਆਂ ਦੇ ਆਗੂਆਂ ਨੇ ਇਲਾਕੇ ’ਚ ਤਿੰਨ ਘੰਟੇ ਤਕ ਪ੍ਰਦਰਸ਼ਨ ਕੀਤਾ ਸੀ।