ਪੱਛਮੀ ਬੰਗਾਲ ਅਤੇ ਗੁਆਂਢੀ ਝਾਰਖੰਡ, ਉੜੀਸਾ, ਛੱਤੀਸਗੜ੍ਹ, ਬਿਹਾਰ, ਪੂਰਬੀ ਮੱਧ ਪ੍ਰਦੇਸ਼ ਵਿੱਚ ਤੇਜ਼ ਮੀਂਹ ਪੈ ਸਕਦਾ ਹੈ
Weather Update News : ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਉਪਰ ਬਣੇ ਗਹਿਰੇ ਦਬਾਅ ਦਾ ਖੇਤਰ ਹੁਣ ਉੱਤਰ-ਪੱਛਮ ਵੱਲ ਵਧ ਗਿਆ ਹੈ ਅਤੇ ਅਗਲੇ 24 ਘੰਟਿਆਂ ਵਿੱਚ ਇਸ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ ਪਰ ਇਸ ਦੌਰਾਨ ਗੁਆਂਢੀ ਰਾਜਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਆਪਣੇ ਤਾਜ਼ਾ ਪੂਰਵ ਅਨੁਮਾਨ ਵਿੱਚ ਕਿਹਾ ਹੈ ਕਿ ਪੱਛਮੀ ਬੰਗਾਲ ਉੱਤੇ ਦਬਾਅ ਦਾ ਖੇਤਰ ਹੌਲੀ-ਹੌਲੀ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੱਛਮ ਅਤੇ ਉੱਤਰ-ਪੱਛਮੀ ਦਿਸ਼ਾ ਵੱਲ ਵਧ ਰਿਹਾ ਹੈ ਪਰ ਅਗਲੇ 24 ਘੰਟਿਆਂ ਦੌਰਾਨ ਇਸਦੀ ਰਫ਼ਤਾਰ ਵਿੱਚ ਵਾਧਾ ਨਹੀਂ ਹੋਵੇਗਾ। ਪੱਛਮੀ ਬੰਗਾਲ ਅਤੇ ਗੁਆਂਢੀ ਝਾਰਖੰਡ, ਉੜੀਸਾ, ਛੱਤੀਸਗੜ੍ਹ, ਬਿਹਾਰ, ਪੂਰਬੀ ਮੱਧ ਪ੍ਰਦੇਸ਼ ਵਿੱਚ ਤੇਜ਼ ਮੀਂਹ ਪੈ ਸਕਦਾ ਹੈ।
ਆਈਐਮਡੀ ਨੇ ਝਾਰਖੰਡ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਪੱਛਮੀ ਬੰਗਾਲ, ਉੜੀਸਾ, ਛੱਤੀਸਗੜ੍ਹ, ਪੂਰਬੀ ਮੱਧ ਪ੍ਰਦੇਸ਼ ਅਤੇ ਪੂਰਬੀ ਉੱਤਰ ਪ੍ਰਦੇਸ਼ ਲਈ 16 ਸਤੰਬਰ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਹਾਰ, ਸਿੱਕਮ, ਅਸਾਮ ਅਤੇ ਸਾਰੇ ਉੱਤਰ-ਪੂਰਬੀ ਰਾਜਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਇਲਾਕਿਆਂ ਖਾਸ ਕਰਕੇ ਪੱਛਮੀ ਬੰਗਾਲ ਅਤੇ ਉੜੀਸਾ ਦੇ ਤੱਟਵਰਤੀ ਖੇਤਰਾਂ ਵਿੱਚ 55 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਨੇ ਤਾਜ਼ਾ ਬੁਲੇਟਿਨ ਵਿੱਚ ਕਿਹਾ ਹੈ ਕਿ ਮੌਸਮ ਪ੍ਰਣਾਲੀ ਪੱਛਮੀ ਬੰਗਾਲ ਵਿੱਚ ਬਾਂਕੁਰਾ ਤੋਂ 50 ਕਿਲੋਮੀਟਰ ਦੱਖਣ , ਝਾਰਖੰਡ ਵਿੱਚ ਜਮਸ਼ੇਦਪੁਰ ਤੋਂ 90 ਕਿਲੋਮੀਟਰ ਪੂਰਬ ਵਿੱਚ ਅਤੇ ਰਾਂਚੀ ਦੇ 190 ਕਿਲੋਮੀਟਰ ਪੂਰਬ-ਦੱਖਣ ਪੂਰਬ ਵਿੱਚ ਕੇਂਦਰਿਤ ਹੈ। ਅਗਲੇ 12 ਘੰਟਿਆਂ ਵਿੱਚ ਇਸ ਦੇ ਹੌਲੀ-ਹੌਲੀ ਗੰਗਾ ਪੱਛਮੀ ਬੰਗਾਲ ਵਿੱਚ ਅੱਗੇ ਵੱਧਣ ਅਤੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਝਾਰਖੰਡ ਅਤੇ ਉੱਤਰੀ ਛੱਤੀਸਗੜ੍ਹ ਵੱਲ ਵਧੇਗਾ।