
ਹਾਦਸੇ ’ਚ ਮਾਰੇ ਗਏ ਸਾਰੇ ਲੋਕ ਟੈਂਪੂ ’ਚ ਸਵਾਰ ਸਨ
ਹਸਨ- ਕਰਨਾਟਕ ਦੇ ਹਾਸਨ ’ਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਤਿੰਨ ਵਾਹਨਾਂ ਦੀ ਟੱਕਰ ਹੋਣ ਕਾਰਨ 4 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਹੋਰ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਦੁੱਧ ਦੇ ਇਕ ਟੈਂਕਰ, ਟਰਾਂਸਪੋਰਟ ਨਿਗਮ ਦੀ ਬੱਸ ਅਤੇ ਇਕ ਟੈਂਪੂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਸ਼ਨੀਵਾਰ ਦੀ ਰਾਤ ਦੇ ਕਰੀਬ 11 ਵਜੇ ਵਾਪਰਿਆ। ਹਾਦਸੇ ’ਚ ਮਾਰੇ ਗਏ ਸਾਰੇ ਲੋਕ ਟੈਂਪੂ ’ਚ ਸਵਾਰ ਸਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਦੇ ਪਰਖੱਚੇ ਉੱਡ ਗਏ।
ਪੁਲਿਸ ਨੇ ਦੱਸਿਆ ਕਿ ਤੀਰਥ ਯਾਤਰੀ ਕੁਝ ਤੀਰਥ ਅਸਥਾਨਾਂ ਤੋਂ ਦਰਸ਼ਨ ਕਰ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ। ਉਸ ਸਮੇਂ ਵਾਹਨਾਂ ਦੀ ਆਹਮਣੇ-ਸਾਹਮਣੇ ਟੱਕਰ ’ਚ 9 ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਦਾ ਇਕ ਹਸਪਤਾਲ ’ਚ ਇਲਾਜ ਹੋ ਰਿਹਾ ਹੈ।
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਮਈ ਨੇ ਘਟਨਾ ’ਤੇ ਸੋਗ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਉੱਚਿਤ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਜ਼ਖ਼ਮੀਆਂ ਦੇ ਉੱਚਿਤ ਇਲਾਜ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਟਵੀਟ ਕੀਤਾ, ‘‘ਇਹ ਬੇਹੱਦ ਦੁਖ਼ਦ ਹੈ ਕਿ ਹਸਨ ਜ਼ਿਲ੍ਹੇ ਦੇ ਅਰਸੀਕੇਰੇ ’ਚ ਭਿਆਨਕ ਸੜਕ ਹਾਦਸੇ ’ਚ 9 ਲੋਕਾਂ ਦੀ ਮੌਤ ਹੋ ਗਈ। ਪਰਮਾਤਮਾ ਮਰਹੂਮ ਆਤਮਾਵਾਂ ਨੂੰ ਸ਼ਾਂਤੀ ਪ੍ਰਦਾਨ ਕਰਨ।’’