
ਕੰਪਨੀ ਵਿਰੁਧ ਇਹ ਕੇਸ ਐਸੋਸੀਏਸ਼ਨ ਆਫ਼ ਬਾਰੋਅਰਜ਼, ਕੰਜ਼ਿਊਮਰਜ਼ ਐਂਡ ਟੈਕਸਪੇਅਰਜ਼ ਨੇ ਕੀਤਾ ਸੀ
ਨਵੀਂ ਦਿੱਲੀ : ਐਪਲ ਨੂੰ ਆਈਫ਼ੋਨ ਨਾਲ ਡੱਬੇ ’ਚ ਚਾਰਜਰ ਨਹੀਂ ਦੇਣਾ ਮਹਿੰਗਾ ਪੈ ਗਿਆ ਹੈ। ਬ੍ਰਾਜ਼ੀਲ ਦੀ ਅਦਾਲਤ ਨੇ ਕੰਪਨੀ ’ਤੇ ਲਗਭਗ 150 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਕੋਰਟ ਨੇ ਆਦੇਸ਼ ਦਿਤਾ ਹੈ ਕਿ ਕੰਪਨੀ ਨੂੰ ਬ੍ਰਾਜ਼ੀਲ ’ਚ ਫ਼ੋਨ ਨਾਲ ਬਾਕਸ ’ਚ ਚਾਰਜਰ ਵੀ ਦੇਣਾ ਹੋਵੇਗਾ। ਸਟੇਟ ਕੋਰਟ ਨੇ ਐਪਲ ਵਿਰੁਧ ਇਸ ਮਾਮਲੇ ’ਚ ਫ਼ੈਸਲਾ ਸੁਣਾਇਆ ਹੈ।
ਕੰਪਨੀ ਵਿਰੁਧ ਇਹ ਕੇਸ ਐਸੋਸੀਏਸ਼ਨ ਆਫ਼ ਬਾਰੋਅਰਜ਼, ਕੰਜ਼ਿਊਮਰਜ਼ ਐਂਡ ਟੈਕਸਪੇਅਰਜ਼ ਨੇ ਕੀਤਾ ਸੀ। ਐਸੋਸੀਏਸ਼ਨ ਦਾ ਕਹਿਣਾ ਸੀ ਕਿ ਕੰਪਨੀ ਬਿਨਾਂ ਚਾਰਜਰ ਦੇ ਫ਼ਲੈਗਸ਼ਿਪ ਫ਼ੋਨਸ ਨੂੰ ਵੇਚ ਕੇ ਗ਼ਲਤ ਅਭਿਆਸ ਕਰ ਰਹੀ ਹੈ। ਉਧਰ ਐਪਲ ਨੇ ਕਿਹਾ ਹੈ ਕਿ ਕਾਰਨ ਐੱਸ ਫ਼ੈਸਲੇ ਵਿਰੁਧ ਅਪੀਲ ਕਰੇਗਾ। ਇਸ ਤੋਂ ਪਹਿਲਾਂ ਐਪਲ ਨੇ ਕਿਹਾ ਸੀ ਕਿ ਉਨ੍ਹਾਂ ਅਜਿਹਾ ਕਾਰਬਨ ਉਤਸਰਜਨ ਨੂੰ ਘੱਟ ਕਰਨ ਲਈ ਕੀਤਾ ਸੀ। ਹਾਲਾਂਕਿ ਕੰਪਨੀ ਵੱਖ ਤੋਂ ਚਾਰਜਰ ਵੇਚਦੀ ਹੈ।
ਅਦਾਲਤ ਨੇ ਇਸ ਮਾਮਲੇ ’ਚ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਗ੍ਰੀਨ ਇਨੀਸ਼ੀਏਟਿਵ ਦੇ ਨਾਂ ’ਤੇ ਕੰਪਨੀ ਗਾਹਕਾਂ ਨੂੰ ਵਖਰੇ ਤੌਰ ’ਤੇ ਚਾਰਜਰ ਖ਼ਰੀਦਣ ਲਈ ਮਜਬੂਰ ਕਰ ਰਹੀ ਹੈ। ਪਹਿਲਾਂ ਚਾਰਜਰ ਬਾਕਸ ’ਚ ਹੀ ਦਿਤਾ ਜਾਂਦਾ ਸੀ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਐਪਲ ’ਤੇ ਇਸ ਤਰ੍ਹਾਂ ਦਾ ਜੁਰਮਾਨਾ ਲੱਗਾ ਹੈ। ਇਸ ਤੋਂ ਪਹਿਲਾਂ ਵੀ ਬ੍ਰਾਜ਼ੀਲ ਸਰਕਾਰ ਨੇ ਐਪਲ ’ਤੇ ਲਗਭਗ 18 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਵੀ ਕੰਪਨੀ ’ਤੇ ਫ਼ੋਨ ਦੇ ਨਾਲ ਬਕਸੇ ’ਚ ਚਾਰਜਰ ਨਾ ਦੇਣ ’ਤੇ ਲਗਾਇਆ ਗਿਆ ਸੀ।