
ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਇਸ ਵਾਧੇ ਦੀ ਜਾਣਕਾਰੀ ਦਿੱਤੀ।
ਨਵੀਂ ਦਿੱਲੀ - ਸਰਕਾਰ ਨੇ ਇੱਕ ਹੋਰ ਨਵਾਂ ਐਲਾਨ ਕੀਤਾ ਹੈ। ਡੀਜ਼ਲ ਅਤੇ ਹਵਾਬਾਜ਼ੀ ਬਾਲਣ (ਏਟੀਐਫ) ਦੇ ਨਿਰਯਾਤ 'ਤੇ ਵਿੰਡਫਾਲ ਟੈਕਸ ਵਧਾਏ ਜਾਣਗੇ। ਕੱਚੇ ਤੇਲ 'ਤੇ ਵੀ ਡਿਊਟੀ ਵਧਾਈ ਗਈ ਹੈ। ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਇਸ ਵਾਧੇ ਦੀ ਜਾਣਕਾਰੀ ਦਿੱਤੀ।
ਡੀਜ਼ਲ ਦੀ ਬਰਾਮਦ 'ਤੇ ਵਿੰਡਫਾਲ ਟੈਕਸ 10.50 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਵਿਚ 1.50 ਰੁਪਏ ਸੜਕ ਅਤੇ ਬੁਨਿਆਦੀ ਢਾਂਚਾ ਸੈੱਸ ਵੀ ਲਗੇਗਾ ਭਾਵ ਡੀਜ਼ਲ ਦੇ ਨਿਰਯਾਤ 'ਤੇ ਕੁੱਲ ਟੈਕਸ ਹੁਣ 12 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ATF 'ਤੇ ਹੁਣ ਇਹ 3.50 ਰੁਪਏ ਪ੍ਰਤੀ ਲੀਟਰ ਲੱਗੇਗਾ।
ਇਸ ਤੋਂ ਇਲਾਵਾ ਘਰੇਲੂ ਪੱਧਰ 'ਤੇ ਕੱਢੇ ਜਾਣ ਵਾਲੇ ਕੱਚੇ ਤੇਲ 'ਤੇ ਡਿਊਟੀ 3,000 ਰੁਪਏ ਤੋਂ ਵਧਾ ਕੇ 11,000 ਰੁਪਏ ਪ੍ਰਤੀ ਟਨ ਕਰਨ ਦਾ ਐਲਾਨ ਕੀਤਾ ਗਿਆ। ਨਵੀਆਂ ਦਰਾਂ ਐਤਵਾਰ ਯਾਨੀ ਅੱਜ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਲਗਾਤਾਰ ਦੋ ਸਮੀਖਿਆ ਮੀਟਿੰਗਾਂ ਵਿੱਚ ਵਿੰਡਫਾਲ ਟੈਕਸ ਵਿੱਚ ਕਟੌਤੀ ਕੀਤੀ ਗਈ ਸੀ।
ਹਾਲਾਂਕਿ ਗਲੋਬਲ ਕੱਚੇ ਤੇਲ ਦੀਆਂ ਕੀਮਤਾਂ 'ਚ ਹਾਲ ਹੀ 'ਚ ਹੋਏ ਵਾਧੇ ਦੇ ਮੱਦੇਨਜ਼ਰ ਇਸ ਵਾਰ ਕੱਚੇ ਤੇਲ, ਡੀਜ਼ਲ ਅਤੇ ਏਟੀਐੱਫ 'ਤੇ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਪ੍ਰਾਈਵੇਟ ਰਿਫਾਇਨਰੀ ਕੰਪਨੀਆਂ ਰਿਲਾਇੰਸ ਇੰਡਸਟਰੀਜ਼ ਅਤੇ ਨਾਇਰਾ ਐਨਰਜੀ ਦੇਸ਼ ਤੋਂ ਡੀਜ਼ਲ ਅਤੇ ਏਟੀਐਫ ਦੇ ਪ੍ਰਮੁੱਖ ਨਿਰਯਾਤਕਾਂ ਵਿੱਚੋਂ ਹਨ, ਜਦੋਂ ਕਿ ਸਰਕਾਰੀ ਮਾਲਕੀ ਵਾਲੀ ONGC ਅਤੇ ਨਿੱਜੀ ਖੇਤਰ ਦੀ ਵੇਦਾਂਤਾ ਲਿਮਟਿਡ ਘਰੇਲੂ ਤੌਰ 'ਤੇ ਕੱਚੇ ਤੇਲ ਦਾ ਉਤਪਾਦਨ ਕਰਦੀ ਹੈ। ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤ 'ਤੇ ਵਿੰਡਫਾਲ ਟੈਕਸ 1 ਜੁਲਾਈ, 2022 ਨੂੰ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਟੈਕਸ ਪਹਿਲਾਂ ਹੀ ਪੈਟਰੋਲ ਤੋਂ ਹਟਾ ਦਿੱਤਾ ਗਿਆ ਹੈ।