
ਬਲਾਗਰ ’ਤੇ ਜਵਾਨਾਂ ਦੇ ਸਨਮਾਨ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ
ਪੇਈਚਿੰਗ - ਗਲਵਾਨ ਘਾਟੀ ’ਚ ਭਾਰਤ ਨਾਲ ਹੋਏ ਸਰਹੱਦੀ ਝੜਪ ’ਚ ਸ਼ਹੀਦ ਹੋਏ ਚੀਨੀ ਫੌਜੀਆਂ ਦੇ ਸਮਾਰਕ ਨਾਲ ਪੋਜ਼ ਦੇਣ ਵਾਲੇ ਇਕ ਚੀਨ ਦੇ ਟਰੈਵਲ ਬਲਾਗਰ ਨੂੰ 7 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਝੜਪ ਹੋਈ ਸੀ। ਚੀਨ ਨੇ ਪਹਿਲਾਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਨੁਕਸਾਨ ਨਹੀਂ ਪੁੱਜਾ ਪਰ ਬਾਅਦ ਵਿਚ ਇਹ ਗੱਲ ਮੰਨੀ ਸੀ ਕਿ ਉਹਨਾਂ ਨੇ 10 ਫੌਜੀ ਸ਼ਹੀਦ ਹੋਏ ਹਨ। ਫਿਰ ਸ਼ਹੀਦ ਹੋਏ ਜਵਾਨਾਂ ਦੀ ਯਾਦ ’ਚ ਸਮਾਰਕ ਬਣਵਾਇਆ ਸੀ।
ਟਰੈਵਲ ਬਲਾਗਰ ਨੇ ਚੀਨ ਦੇ ਸ਼ਹੀਦ ਜਵਾਨਾਂ ਲਈ ਬਣੀ ਸਮਾਰਕ ਕੋਲ ਤਸਵੀਰ ਖਿਚਵਾਈ ਸੀ। ਬਲਾਗਰ ’ਤੇ ਜਵਾਨਾਂ ਦੇ ਸਨਮਾਨ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ। ਉੱਤਰੀ-ਪੱਛਮੀ ਚੀਨ ਦੇ ਉਈਗਰ ਖੇਤਰ ਦੇ ਪਿਸ਼ਾਨ ਕਾਊਂਟੀ ਦੀ ਸਥਾਨਕ ਕੋਰਟ ਨੇ ਉਸ ਨੂੰ 7 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਬਲਾਗਰ ਨੂੰ 10 ਦਿਨਾਂ ਦੇ ਅੰਦਰ ਜਨਤਕ ਤੌਰ ’ਤੇ ਮੁਆਫੀ ਮੰਗਣ ਦਾ ਹੁਕਮ ਵੀ ਦਿੱਤਾ।
ਬਲਾਗਰ ਦਾ ਨਾਂ ਲੀ ਕਿਜੀਆਨ ਹੈ। ਉਹ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਹੈ। ਉਸ ਨੇ ਇਸ ਸਾਲ ਜੁਲਾਈ ’ਚ ਉੱਤਰੀ-ਪੱਛਮੀ ਚੀਨ ’ਚ ਕਾਰਾਕੋਰਮ ਪਰਬਤ ’ਚ ਸਥਿਤ ਇਕ ਸਮਾਰਕ ਦੀ ਯਾਤਰਾ ਕੀਤੀ ਸੀ। ਦੋਸ਼ ਹੈ ਕਿ ਉਸ ਨੇ ਪਹਿਲਾਂ ਸਮਾਰਕ ’ਤੇ ਫੌਜੀਆਂ ਦੇ ਨਾਂ ਵਾਲੇ ਪੱਥਰ ’ਤੇ ਪੈਰ ਰੱਖਿਆ ਅਤੇ ਫਿਰ ਯਾਦਗਾਰ ’ਤੇ ਪਿੱਠ ਟਿਕਾ ਕੇ ਪੋਜ਼ ਦਿੱਤਾ।
ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੋਸ਼ੀ ਲੀ ਕਿਜੀਆਨ ਨੇ ਆਪਣੀ ਜ਼ਿੰਦਗੀ ਬਲੀਦਾਨ ਕਰਨ ਵਾਲੇ ਫੌਜੀ ਦੇ ਸਮਾਰਕ ਕੋਲ ਸੈਲਫੀ ਲਈ ਅਤੇ ਆਪਣੇ ਚਿਹਰੇ ’ਤੇ ਮੁਸਕਾਨ ਦੇ ਨਾਲ ਸਮਾਰਕ ਵੱਲ ਹੱਥ ਨਾਲ ਪਿਸਤੌਲ ਦਾ ਨਿਸ਼ਾਨ ਬਣਾਇਆ। ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਕਿਜੀਆਨ ਦਾ ਵਿਰੋਧ ਸ਼ੁਰੂ ਹੋ ਗਿਆ। ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ। ਹੁਣ ਉਸ ਨੂੰ ਦੋਸ਼ੀ ਮੰਨਦੇ ਹੋਏ 7 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।