
ਕੁਝ ਅਣਪਛਾਤੇ ਵਿਅਕਤੀਆਂ ਨੇ ਕੀਤਾ ਸੀ ਬੱਚੀ ਨੂੰ ਅਗਵਾ
ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਵਿੱਚ ਅਗਵਾ ਕੀਤੀ ਗਈ ਭਾਰਤੀ ਮੂਲ ਦੀ ਅੱਠ ਸਾਲਾ ਬੱਚੀ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਗਈ ਹੈ ਅਤੇ ਉਹ ਠੀਕ-ਠਾਕ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਈਲੈਂਡਜ਼ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਅਬੀਰਾਹ ਨੂੰ 4 ਨਵੰਬਰ ਦੀ ਸਵੇਰ ਨੂੰ ਉਸ ਦੇ ਸਕੂਲ ਤੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ।
ਅਬੀਰਾਹ ਦੇ ਮਾਤਾ-ਪਿਤਾ ਕੁਝ ਸਾਲ ਪਹਿਲਾਂ ਭਾਰਤ ਤੋਂ ਪਰਵਾਸ ਕਰਕੇ ਕੇਪਟਾਊਨ 'ਚ ਵਸ ਗਏ ਸਨ। ਲੜਕੀ ਦਾ ਪਿਤਾ ਸ਼ਹਿਰ ਵਿੱਚ ਮੋਬਾਈਲ ਫੋਨ ਦੀ ਦੁਕਾਨ ਚਲਾਉਂਦਾ ਹੈ। ਦੱਖਣੀ ਅਫ਼ਰੀਕਾ ਦੀ ਪੁਲਿਸ ਸੇਵਾ (SAPS) ਨੇ ਪੁਸ਼ਟੀ ਕੀਤੀ ਹੈ ਕਿ ਅਬੀਰਾਹ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਕੋਲ ਵਾਪਸ ਕਰ ਦਿੱਤਾ ਗਿਆ ਹੈ।
ਪੁਲਿਸ ਦੇ ਬੁਲਾਰੇ ਸਾਰਜੈਂਟ ਵੇਸਲੇ ਟਵਿਗ ਨੇ ਮੰਗਲਵਾਰ ਨੂੰ ਕਿਹਾ ਕਿ ਵੱਖ-ਵੱਖ ਵਿਸ਼ੇਸ਼ ਯੂਨਿਟਾਂ ਦੇ SAPS ਮੈਂਬਰਾਂ ਅਤੇ ਕੇਪ ਟਾਊਨ ਸ਼ਹਿਰ ਦੇ ਅਧਿਕਾਰੀਆਂ ਨੇ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ, ਅਬੀਰਾਹ ਨੂੰ ਸੋਮਵਾਰ ਸ਼ਾਮ ਨੂੰ ਖਾਇਲਿਤਸ਼ਾ ਵਿੱਚ ਇੱਕ ਝੁੱਗੀ ਵਿੱਚ ਪਾਇਆ।