ਦਿੱਲੀ ਬੰਬ ਧਮਾਕਾ ਮਾਮਲੇ ’ਚ NIA ਨੇ ਅਮੀਰ ਰਾਸ਼ਿਦ ਅਲੀ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ: ਦਿੱਲੀ ਵਿਚ ਹੋਏ ਅਤਿਵਾਦੀ ਹਮਲਾ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਇਕ ਕਸ਼ਮੀਰੀ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਆਤਮਘਾਤੀ ਹਮਲਾਵਰ ਨਾਲ ਮਿਲ ਕੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਇਸ ਹਮਲੇ ਵਿਚ 13 ਨਿਰਦੋਸ਼ ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਹੋਰ ਜ਼ਖਮੀ ਹੋ ਗਏ ਸਨ।
ਏਜੰਸੀ ਨੇ ਅਮੀਰ ਰਾਸ਼ਿਦ ਅਲੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਨਾਮ ਉਤੇ ਹਮਲੇ ਵਿਚ ਵਰਤੀ ਕਾਰ ਰਜਿਸਟਰਡ ਸੀ। ਐਨ.ਆਈ.ਏ. ਨੇ 10 ਨਵੰਬਰ ਨੂੰ ਸ਼ਾਮ 7 ਵਜੇ ਹੋਏ ਧਮਾਕੇ ਤੋਂ ਇਕ ਦਿਨ ਬਾਅਦ ਦਿੱਲੀ ਪੁਲਿਸ ਤੋਂ ਮਾਮਲਾ ਸੰਭਾਲਣ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
ਐਨ.ਆਈ.ਏ. ਨੇ ਇਕ ਬਿਆਨ ’ਚ ਕਿਹਾ ਕਿ ਉਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜੰਮੂ-ਕਸ਼ਮੀਰ ਦੇ ਪੰਪੋਰ ਦੇ ਸੰਬੂਰਾ ਦਾ ਰਹਿਣ ਵਾਲਾ ਹੈ, ਜਿਸ ਨੇ ਕਥਿਤ ਆਤਮਘਾਤੀ ਹਮਲਾਵਰ ਉਮਰ ਉਨ ਨਬੀ ਨਾਲ ਮਿਲ ਕੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਅਤਿਵਾਦ ਰੋਕੂ ਏਜੰਸੀ ਮੁਤਾਬਕ ਆਮਿਰ ਕਾਰ ਦੀ ਖਰੀਦ ਦੀ ਸਹੂਲਤ ਲਈ ਦਿੱਲੀ ਆਇਆ ਸੀ, ਜਿਸ ਦੀ ਵਰਤੋਂ ਆਈ.ਈ.ਡੀ. ਰੱਖਣ ਲਈ ਕੀਤੀ ਗਈ ਸੀ।
ਐਨ.ਆਈ.ਏ. ਨੇ ਫੋਰੈਂਸਿਕ ਤੌਰ ’ਤੇ ਆਈ.ਈ.ਡੀ. ਵਾਲੀ ਗੱਡੀ ਦੇ ਮ੍ਰਿਤਕ ਡਰਾਈਵਰ ਦੀ ਪਛਾਣ ਉਮਰ ਉਨ ਨਬੀ ਵਜੋਂ ਵੀ ਸਥਾਪਤ ਕਰ ਲਈ ਹੈ, ਜੋ ਪੁਲਵਾਮਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਵਿਚ ਜਨਰਲ ਮੈਡੀਸਨ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਸੀ।
ਅਤਿਵਾਦ ਰੋਕੂ ਏਜੰਸੀ ਨੇ ਨਬੀ ਦੀ ਇਕ ਹੋਰ ਗੱਡੀ ਵੀ ਜ਼ਬਤ ਕਰ ਲਈ ਹੈ। ਇਸ ਮਾਮਲੇ ’ਚ ਸਬੂਤਾਂ ਲਈ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ’ਚ ਐਨ.ਆਈ.ਏ. ਨੇ 10 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ’ਚ ਹੋਏ ਧਮਾਕੇ ’ਚ ਜ਼ਖਮੀ ਹੋਏ ਲੋਕਾਂ ਸਮੇਤ ਹੁਣ ਤੱਕ 73 ਗਵਾਹਾਂ ਦੀ ਜਾਂਚ ਕੀਤੀ ਹੈ।
ਦਿੱਲੀ ਪੁਲਿਸ, ਜੰਮੂ-ਕਸ਼ਮੀਰ ਪੁਲਿਸ, ਹਰਿਆਣਾ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਅਤੇ ਵੱਖ-ਵੱਖ ਸਹਿਯੋਗੀ ਏਜੰਸੀਆਂ ਨਾਲ ਨੇੜਿਓਂ ਤਾਲਮੇਲ ਬਣਾ ਕੇ ਕੰਮ ਕਰਦੇ ਹੋਏ ਐਨ.ਆਈ.ਏ. ਨੇ ਕਿਹਾ ਕਿ ਉਹ ਸੂਬਿਆਂ ਵਿਚ ਆਪਣੀ ਜਾਂਚ ਜਾਰੀ ਰੱਖ ਰਹੀ ਹੈ। ਏਜੰਸੀ ਨੇ ਅੱਗੇ ਕਿਹਾ ਕਿ ਉਹ ਬੰਬ ਧਮਾਕੇ ਦੇ ਪਿੱਛੇ ਵੱਡੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਅਤੇ ਇਸ ਮਾਮਲੇ ਵਿਚ ਸ਼ਾਮਲ ਹੋਰਾਂ ਦੀ ਪਛਾਣ ਕਰਨ ਲਈ ਕਈ ਸੁਰਾਗਾਂ ਦਾ ਪਿੱਛਾ ਕਰ ਰਹੀ ਹੈ।
