
ਮੋਦੀ ਅਤੇ ਤਾਰਿਕ ਨੇ ਹਮਾਸ-ਇਜ਼ਰਾਈਲ ਸੰਘਰਸ਼ ਤੋਂ ਪੈਦਾ ਹੋਈ ਸਥਿਤੀ ਅਤੇ ਅਤਿਵਾਦ ਦੀ ਚੁਨੌਤੀ ਅਤੇ ਫਲਸਤੀਨ ਮੁੱਦੇ ਦੇ ਦੋ-ਰਾਜ ਹੱਲ ਦੀਆਂ ਕੋਸ਼ਿਸ਼ਾਂ ’ਤੇ ਵੀ ਚਰਚਾ ਕੀਤੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਨੇ ਸ਼ਨਿਚਰਵਾਰ ਨੂੰ ਲਗਭਗ 10 ਪ੍ਰਮੁੱਖ ਖੇਤਰਾਂ ’ਚ ਦੁਵੱਲੇ ਸਹਿਯੋਗ ਨੂੰ ਮਹੱਤਵਪੂਰਨ ਰੂਪ ’ਚ ਵਧਾਉਣ ਲਈ ਕ ਦ੍ਰਿਸ਼ਟੀ ਪੱਤਰ ਤਿਆਰ ਕੀਤਾ ਅਤੇ ਅਪਣੀ ‘ਸਾਰਥਕ’ ਗੱਲਬਾਤ ਦੌਰਾਨ ਜਲਦੀ ਤੋਂ ਜਲਦੀ ਵਪਾਰ ਸਮਝੌਤੇ ਨੂੰ ਪੂਰਾ ਕਰਨ ਦੀ ਵਕਾਲਤ ਕੀਤੀ।
ਮੋਦੀ ਅਤੇ ਤਾਰਿਕ ਨੇ ਹਮਾਸ-ਇਜ਼ਰਾਈਲ ਸੰਘਰਸ਼ ਤੋਂ ਪੈਦਾ ਹੋਈ ਸਥਿਤੀ ਅਤੇ ਅਤਿਵਾਦ ਦੀ ਚੁਨੌਤੀ ਅਤੇ ਫਲਸਤੀਨ ਮੁੱਦੇ ਦੇ ਦੋ-ਰਾਜ ਹੱਲ ਦੀਆਂ ਕੋਸ਼ਿਸ਼ਾਂ ’ਤੇ ਵੀ ਚਰਚਾ ਕੀਤੀ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਮੋਦੀ ਅਤੇ ਤਾਰਿਕ ਵਿਚਾਲੇ ਹੋਈ ਗੱਲਬਾਤ ਨੂੰ ‘ਵਿਆਪਕ ਅਤੇ ਰਚਨਾਤਮਕ’ ਦਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਓਮਾਨ ਦੇ ਸੁਲਤਾਨ ਨੇ ਸਮੁੰਦਰੀ ਖੇਤਰ ਦੀ ਕਨੈਕਟੀਵਿਟੀ, ਹਰੀ ਊਰਜਾ, ਪੁਲਾੜ, ਡਿਜੀਟਲ ਭੁਗਤਾਨ, ਸਿਹਤ, ਸੈਰ-ਸਪਾਟਾ ਅਤੇ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਸਮੇਤ ਕਈ ਖੇਤਰਾਂ ’ਚ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਦਾ ਰਾਹ ਪੱਧਰਾ ਕਰਨ ਲਈ ਇਕ ਸਾਂਝੇ ਦ੍ਰਿਸ਼ਟੀਕੋਣ ਦਸਤਾਵੇਜ਼ ਨੂੰ ਅੰਤਿਮ ਰੂਪ ਦਿਤਾ।
ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਸੁਲਤਾਨ ਤਾਰਿਕ ਨੇ ਭਾਰਤ-ਓਮਾਨ ਵਿਆਪਕ ਆਰਥਕ ਭਾਈਵਾਲੀ ਸਮਝੌਤੇ ਨੂੰ ਜਲਦੀ ਪੂਰਾ ਕਰਨ ’ਤੇ ਜ਼ੋਰ ਦਿਤਾ। ਓਮਾਨ ਦੇ ਸੁਲਤਾਨ ਸ਼ੁਕਰਵਾਰ ਨੂੰ ਸਰਕਾਰੀ ਦੌਰੇ ’ਤੇ ਦਿੱਲੀ ਪਹੁੰਚੇ, ਜੋ ਖਾੜੀ ਦੇਸ਼ ਦੇ ਚੋਟੀ ਦੇ ਨੇਤਾ ਵਜੋਂ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ।