ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਗੜੇਮਾਰੀ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਪੀਲੇ ਰੰਗ ਵਾਲੀ ਚੇਤਾਵਨੀ ਜਾਰੀ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੁੱਝ ਹਿੱਸਿਆਂ ’ਚ ਐਤਵਾਰ ਅਤੇ ਸੋਮਵਾਰ ਨੂੰ ਭਾਰੀ ਮੀਂਹ, ਬਰਫਬਾਰੀ ਅਤੇ ਤੂਫਾਨ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸਨਿਚਰਵਾਰ ਨੂੰ ਮੌਸਮ ਖੁਸ਼ਕ ਰਿਹਾ ਅਤੇ ਦਿਨ ਦੇ ਤਾਪਮਾਨ ਵਿਚ ਮਾਮੂਲੀ ਵਾਧਾ ਹੋਇਆ। ਊਨਾ ਵਿਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ 18 ਅਤੇ 19 ਫ਼ਰਵਰੀ ਨੂੰ ਵੱਖ-ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ/ਬਰਫਬਾਰੀ ਅਤੇ ਤੂਫਾਨ ਦੇ ਨਾਲ ਗੜੇਮਾਰੀ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਪੀਲੇ ਰੰਗ ਵਾਲੀ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਨੇ 20 ਅਤੇ 21 ਫ਼ਰਵਰੀ ਨੂੰ ਵੀ ਵੱਖ-ਵੱਖ ਥਾਵਾਂ ’ਤੇ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੇ ਨਾਲ ਭਾਰੀ ਮੀਂਹ/ਬਰਫਬਾਰੀ ਅਤੇ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ, ਅਤੇ ਹੇਠਲੇ ਪਹਾੜੀ ਇਲਾਕਿਆਂ ਵਿਚ ਜ਼ਿਆਦਾਤਰ ਥਾਵਾਂ ’ਤੇ ਭਾਰੀ ਮੀਂਹ ਅਤੇ ਦਰਮਿਆਨੀਆਂ ਤੇ ਉੱਚੀਆਂ ਪਹਾੜੀਆਂ ਵਿਚ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਦੀ ਤਾਜ਼ਾ ਪਛਮੀ ਗੜਬੜੀ ਸਨਿਚਰਵਾਰ ਰਾਤ ਤੋਂ ਪਛਮੀ ਹਿਮਾਲਿਆ ਖੇਤਰ ਨੂੰ ਪ੍ਰਭਾਵਤ ਕਰ ਸਕਦੀ ਹੈ।
ਜ਼ਿਆਦਾਤਰ ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਚਾਰ ਤੋਂ 10 ਡਿਗਰੀ ਵੱਧ ਰਿਹਾ ਅਤੇ ਕਬਾਇਲੀ ਕਿੰਨੌਰ ਅਤੇ ਲਾਹੌਲ ਅਤੇ ਸਪੀਤੀ ਜ਼ਿਲ੍ਹਿਆਂ ਦੇ ਕਲਪਾ ਅਤੇ ਕੇਲੋਂਗ ’ਚ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ 4 ਡਿਗਰੀ, ਆਮ ਨਾਲੋਂ 10 ਅਤੇ ਛੇ ਡਿਗਰੀ ਵੱਧ ਦਰਜ ਕੀਤਾ ਗਿਆ। ਦਿਨ ਦਾ ਤਾਪਮਾਨ ਜ਼ਿਆਦਾਤਰ ਥਾਵਾਂ ’ਤੇ 22 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਅਤੇ ਬਿਲਾਸਪੁਰ ਅਤੇ ਸੁੰਦਰਨਗਰ ’ਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਅਤੇ 24.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਇਸ ਤੋਂ ਬਾਅਦ ਕਾਂਗੜਾ ’ਚ 23.6 ਡਿਗਰੀ, ਮੰਡੀ ’ਚ 23.4 ਡਿਗਰੀ ਅਤੇ ਸੋਲਨ ’ਚ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸੂਬੇ ’ਚ 1 ਜਨਵਰੀ ਤੋਂ 17 ਫ਼ਰਵਰੀ ਤਕ ਸਰਦੀਆਂ ਦੌਰਾਨ ਔਸਤਨ 68.2 ਮਿਲੀਮੀਟਰ ਬਾਰਸ਼ ਹੋਈ, ਜਦਕਿ ਆਮ ਵਰਖਾ 142.2 ਮਿਲੀਮੀਟਰ ਹੁੰਦੀ ਹੈ, ਜੋ ਕਿ 52 ਫੀ ਸਦੀ ਘੱਟ ਹੈ। ਮੰਡੀ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ’ਚ 15 ਫ਼ੀ ਸਦੀ (ਹਮੀਰਪੁਰ) ਅਤੇ 83 ਫ਼ੀ ਸਦੀ (ਲਾਹੌਲ ਅਤੇ ਸਪੀਤੀ) ਦੇ ਵਿਚਕਾਰ ਘੱਟ ਬਾਰਸ਼ ਹੋਈ। ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਵੱਧ ਰਿਹਾ ਅਤੇ ਕੇਲੋਂਗ ਖੇਤਰ ਦਾ ਸੱਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ -3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 6.3 ਡਿਗਰੀ ਵੱਧ ਹੈ।