
‘ਸ਼ਹੀਦ ਹਾਮਿਦ ਵਿਦਿਆਲਿਆ’ ਦੀ ਥਾਂ ਮੁੱਖ ਗੇਟ ’ਤੇ ‘ਪ੍ਰਧਾਨ ਮੰਤਰੀ ਸ਼੍ਰੀ ਕੰਪੋਜ਼ਿਟ ਸਕੂਲ’ ਲਿਖ ਦਿਤਾ ਗਿਆ
ਗਾਜ਼ੀਪੁਰ : ਪਰਮਵੀਰ ਚੱਕਰ ਜੇਤੂ ਅਬਦੁਲ ਹਮੀਦ ਦੇ ਪਰਵਾਰਕ ਜੀਆਂ ਨੇ ਗਾਜ਼ੀਪੁਰ ਦੇ ਇਕ ਪ੍ਰਾਇਮਰੀ ਸਕੂਲ ਦੇ ਮੁੱਖ ਗੇਟ ਤੋਂ ਜੰਗੀ ਨਾਇਕ ਦਾ ਨਾਮ ਹਟਾਏ ਜਾਣ ’ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਹਾਲ ਹੀ ’ਚ ਪੇਂਟਿੰਗ ਦੇ ਕੰਮ ਤੋਂ ਬਾਅਦ ਜ਼ਿਲ੍ਹੇ ਦੇ ਧਾਮੂਪੁਰ ਪਿੰਡ ਦੇ ਸਕੂਲ ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਸ਼੍ਰੀ ਕੰਪੋਜ਼ਿਟ ਸਕੂਲ ਕਰ ਦਿਤਾ ਗਿਆ ਹੈ। ਹਾਲਾਂਕਿ ਵਿਵਾਦ ਭਖਣ ਮਗਰੋਂ ਸਕੂਲ ਦਾ ਨਾਂ ਮੁੜ ਉਹੀ ਕਰ ਦਿਤਾ ਗਿਆ।
ਹਾਮਿਦ ਦੇ ਪੋਤੇ ਜਮੀਲ ਅਹਿਮਦ ਨੇ ਕਿਹਾ ਕਿ ਸਕੂਲ ਨੂੰ ਚਾਰ ਦਿਨ ਪਹਿਲਾਂ ਦੁਬਾਰਾ ਰੰਗਿਆ ਗਿਆ ਸੀ। ਉਨ੍ਹਾਂ ਕਿਹਾ ਕਿ ‘ਸ਼ਹੀਦ ਹਾਮਿਦ ਵਿਦਿਆਲਿਆ’ ਦੀ ਥਾਂ ਮੁੱਖ ਗੇਟ ’ਤੇ ‘ਪ੍ਰਧਾਨ ਮੰਤਰੀ ਸ਼੍ਰੀ ਕੰਪੋਜ਼ਿਟ ਸਕੂਲ’ ਲਿਖ ਦਿਤਾ ਗਿਆ ਹੈ। ਜਦੋਂ ਅਹਿਮਦ ਅਤੇ ਉਸ ਦੇ ਪਰਵਾਰ ਨੇ ਹੈੱਡਮਾਸਟਰ ਅਜੈ ਕੁਸ਼ਵਾਹਾ ਕੋਲ ਇਤਰਾਜ਼ ਉਠਾਇਆ ਤਾਂ ਉਸ ਨੇ ਉਨ੍ਹਾਂ ਨੂੰ ਬੇਸਿਕ ਸਿੱਖਿਆ ਅਧਿਕਾਰੀ ਹੇਮੰਤ ਰਾਓ ਕੋਲ ਜਾਣ ਦਾ ਹੁਕਮ ਦਿਤਾ।
ਪਰਵਾਰਕ ਜੀਆਂ ਅਨੁਸਾਰ ਰਾਓ ਨੇ ਉਨ੍ਹਾਂ ਨੂੰ ਦਸਿਆ ਕਿ ਹਾਮਿਦ ਦਾ ਨਾਮ ਸਕੂਲ ਦੀ ਬਾਹਰੀ ਕੰਧ ’ਤੇ ਰੰਗਿਆ ਗਿਆ ਸੀ। ਹਾਲਾਂਕਿ, ਪਰਵਾਰ ਨੇ ਦਾਅਵਾ ਕੀਤਾ ਕਿ ਪ੍ਰਵੇਸ਼ ਦੁਆਰ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਅਸੰਤੁਸ਼ਟ ਹੋ ਕੇ ਉਨ੍ਹਾਂ ਨੇ ਸਨਿਚਰਵਾਰ ਨੂੰ ਇਕ ਹੋਰ ਸ਼ਿਕਾਇਤ ਦਰਜ ਕਰਵਾਈ ਅਤੇ ਮੰਗ ਕੀਤੀ ਕਿ ਸ਼ਹੀਦ ਦਾ ਨਾਮ ਸਕੂਲ ਦੇ ਗੇਟ ’ਤੇ ਬਹਾਲ ਕੀਤਾ ਜਾਵੇ। ਰਾਓ ਨੇ ਭਰੋਸਾ ਦਿਤਾ ਕਿ ਇਹ ਤੁਰਤ ਕੀਤਾ ਜਾਵੇਗਾ, ਅਹਿਮਦ ਨੇ ਦਾਅਵਾ ਕੀਤਾ ਕਿ ਸੋਮਵਾਰ ਤਕ ਗੇਟ ’ਤੇ ਨਾਮ ਅਜੇ ਵੀ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਸੀ, ਜਿਸ ਨਾਲ ਪਰਵਾਰ ਨੂੰ ਬਹੁਤ ਦੁੱਖ ਹੋਇਆ ਸੀ।
1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਅਮਰੀਕਾ ਨੇ ਪਾਕਿਸਤਾਨ ਨੂੰ ਪੈਟਨ ਟੈਂਕ ਸਪਲਾਈ ਕੀਤੇ ਸਨ, ਜਿਨ੍ਹਾਂ ਨੂੰ ਅਜੇਤੂ ਮੰਨਿਆ ਜਾਂਦਾ ਸੀ। ਹਾਮਿਦ ਨੇ ਅਸਾਧਾਰਣ ਬਹਾਦਰੀ ਵਿਖਾਉਂਦਿਆਂ ਇਨ੍ਹਾਂ ’ਚੋਂ ਤਿੰਨ ਟੈਂਕਾਂ ਨੂੰ ਤਬਾਹ ਕਰ ਦਿਤਾ ਅਤੇ ਦੁਸ਼ਮਣ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿਤਾ।
ਮਰਨ ਉਪਰੰਤ ਉਨ੍ਹਾਂ ਦੀ ਬਹਾਦਰੀ ਨੂੰ ਮਾਨਤਾ ਦਿੰਦੇ ਹੋਏ ਰਾਸ਼ਟਰਪਤੀ ਨੇ ਉਨ੍ਹਾਂ ਦੀ ਪਤਨੀ ਰਸੂਲਨ ਬੀਬੀ ਨੂੰ ਪਰਮਵੀਰ ਚੱਕਰ ਦਿਤਾ ਗਿਆ। ਸੰਪਰਕ ਕੀਤੇ ਜਾਣ ’ਤੇ ਰਾਉ ਨੇ ਕਿਹਾ ਕਿ ਸ਼ਹੀਦ ਅਬਦੁਲ ਹਾਮਿਦ ਦਾ ਨਾਮ ਜਲਦੀ ਹੀ ਸਕੂਲ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ਬਹਾਲ ਕਰ ਦਿਤਾ ਜਾਵੇਗਾ।