
ਹਾਈ ਕੋਰਟ ਦੀ ਰਜਿਸਟਰੀ ਨੂੰ ਲੰਬਿਤ ਮਾਮਲਿਆਂ ’ਤੇ ਹੋਏ ਕੰਮ ਬਾਰੇ ਜਾਣਕਾਰੀ ਦੇਣ ਦੇ ਹੁਕਮ ਦਿਤੇ ਗਏ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੀ ਰਜਿਸਟਰੀ ਨੂੰ 1984 ਦੇ ਸਿੱਖ ਕਤਲੇਆਮ ਦੇ ਕਤਲ ਕੇਸਾਂ ਨਾਲ ਸਬੰਧਤ ਚਾਰ ਲੰਬਿਤ ਸੋਧ ਪਟੀਸ਼ਨਾਂ ’ਤੇ ਪ੍ਰਗਤੀ ਰੀਪੋਰਟ ਦਾਇਰ ਕਰਨ ਦੇ ਹੁਕਮ ਦਿਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 25 ਮਾਰਚ ਨੂੰ ਹੋਵੇਗੀ।
ਅਦਾਲਤ ਨੇ ਇਹ ਹੁਕਮ ਗੁਰਲਾਡ ਸਿੰਘ ਕਾਹਲੋਂ ਵਲੋਂ 2016 ’ਚ ਦਾਇਰ ਪਟੀਸ਼ਨ ਦੇ ਜਵਾਬ ’ਚ ਦਿਤੇ ਹਨ, ਜਿਸ ’ਚ ਦਿੱਲੀ ’ਚ 1984 ਦੇ ਸਿੱਖ ਕਤਲੇਆਮ ਦੌਰਾਨ ਹੋਏ ਕਤਲ ਦੇ 51 ਮਾਮਲਿਆਂ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਕਤਲੇਆਮ ਨਾਲ ਜੁੜੇ 186 ਮੁੜ ਖੋਲ੍ਹੇ ਗਏ ਮਾਮਲਿਆਂ ਦੀ ਮੁੜ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਸੀ।
ਅਦਾਲਤ ਨੇ 17 ਫ਼ਰਵਰੀ ਦੇ ਅਪਣੇ ਹੁਕਮ ’ਚ ਕਿਹਾ ਸੀ, ‘‘ਇਸ ਤੱਥ ਨੂੰ ਧਿਆਨ ’ਚ ਰਖਦੇ ਹੋਏ ਕਿ ਇਹ ਬੈਂਚ 2016 ਦੀ ਰਿੱਟ ਪਟੀਸ਼ਨ ਨੰਬਰ 9 ’ਤੇ ਵਿਚਾਰ ਕਰਦਾ ਹੈ, ਐਸ.ਐਲ.ਪੀ. ਨੂੰ ਮਾਣਯੋਗ ਅਦਾਲਤ ਦੇ ਸਾਹਮਣੇ ਰੱਖਿਆ ਜਾਵੇਗਾ। ਅਸੀਂ ਦਿੱਲੀ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੰਦੇ ਹਾਂ ਕਿ ਉਪਰੋਕਤ ਮਾਮਲਿਆਂ ’ਚ ਐਸ.ਐਲ.ਪੀ. ਅੱਜ ਤੋਂ ਵੱਧ ਤੋਂ ਵੱਧ ਛੇ ਹਫਤਿਆਂ ਦੇ ਅੰਦਰ ਦਾਇਰ ਕੀਤੇ ਜਾਣ।’’