
ਸਾਮ ਤੱਕ ਜਵਾਨ ਦੀ ਦੇਹ ਉਸ ਦੇ ਪਿੰਡ ਪਹੁੰਚ ਜਾਵੇਗੀ
ਕਰਨਾਲ - ਹਰਿਆਣਾ 'ਚ ਸਿਰਸਾ ਦੇ ਪਿੰਡ ਬਹਾਵਦੀਨ ਦਾ ਜਵਾਨ ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਸ਼ਹੀਦ ਹੋ ਗਿਆ। ਸੂਤਰਾਂ ਅਨੁਸਾਰ ਨਿਸ਼ਾਨ ਸਿੰਘ (27) ਸਾਲ 2013 'ਚ ਫ਼ੌਜ 'ਚ ਭਰਤੀ ਹੋਇਆ ਸੀ ਅਤੇ ਪਿਛਲੀ 18 ਫਰਵਰੀ ਨੂੰ ਉਸ ਦਾ ਵਿਆਹ ਹੋਇਆ ਸੀ। ਉਹ 15 ਦਿਨ ਪਹਿਲਾਂ ਹੀ ਡਿਊਟੀ 'ਤੇ ਅਨੰਤਨਾਗ ਗਿਆ ਸੀ। ਜਵਾਨ ਦੀ ਮ੍ਰਿਤਕ ਦੇਹ ਅੱਜ ਸ਼ਾਮ ਨੂੰ ਪਿੰਡ ਪਹੁੰਚਣ ਦੀ ਸੰਭਾਵਨਾ ਹੈ। ਅੰਤਿਮ ਦਰਸ਼ਨਾਂ ਲਈ ਬਹਾਵਦੀਨ 'ਚ ਗੁਆਂਢ ਦੇ ਪਿੰਡਾਂ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਦੇ ਵਾਟਨਾਰ ਪਿੰਡ 'ਚ ਸ਼ਨੀਵਾਰ ਦੇਰ ਸ਼ਾਮ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਸੁਰੱਖਿਆ ਫ਼ੋਰਸਾਂ ਨੇ ਪਿੰਡ ਦੀ ਘੇਰਾਬੰਦੀ ਕਰ ਦਿੱਤੀ ਸੀ। ਇਸ ਤੋਂ ਬਾਅਦ ਅੱਤਵਾਦੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੋਲੀ ਲੱਗਣ ਨਾਲ 19 ਰਾਸ਼ਟਰੀ ਰਾਈਫਲਜ਼ ਦਾ ਜਵਾਨ ਨਿਸ਼ਾਨ ਸਿੰਘ ਸ਼ਹੀਦ ਹੋ ਗਿਆ। ਦੇਰ ਸ਼ਾਮ ਫ਼ੌਜ ਵਲੋਂ ਸੂਚਨਾ ਪਰਿਵਾਰ ਨੂੰ ਦਿੱਤੀ ਗਈ ਤਾਂ ਮਾਤਮ ਦਾ ਮਾਹੌਲ ਬਣ ਗਿਆ।