
ਇੰਡੀਅਨ ਕੋਸਟ ਗਾਰਡ ਵਿਚ ਬਤੌਰ ਤਕਨੀਕੀ ਕੇਡਰ ਭਰਤੀ ਹੋਏ ਐੱਚ.ਪੀ. ਸਿੰਘ ਮੂਲ ਰੂਪ ਵਿਚ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ ਹਨ
Ludhiana News : ਲੁਧਿਆਣਾ ਦੇ ਐੱਚ.ਪੀ. ਸਿੰਘ ਇੰਡੀਅਨ ਕੋਸਟ ਗਾਰਡ ਦੇ ਡਿਪਟੀ ਇੰਸਪੈਕਟਰ ਜਨਰਲ ਤੋਂ ਹੁਣ ਇੰਸਪੈਕਟਰ ਜਨਰਲ ਬਣ ਗਏ ਹਨ। ਦਰਅਸਲ 'ਚ ਇੰਡੀਅਨ ਕੋਸਟ ਗਾਰਡ (ਆਈ.ਸੀ.ਜੀ.) ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਐੱਚ.ਪੀ. ਸਿੰਘ ਨੂੰ ਇੰਸਪੈਕਟਰ ਜਨਰਲ (ਆਈ.ਜੀ.) ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਆਈ.ਸੀ.ਜੀ. ਦੇ ਮੁੰਬਈ ਹੈੱਡਕੁਆਰਟਰ ਸਥਿਤ ਵੈਸਟਰਨ ਸੀ-ਬੋਰਡ ਵਿਖੇ ਬਤੌਰ ਇੰਸਪੈਕਟਰ ਜਨਰਲ (ਤਕਨੀਕੀ) ਅਹੁਦਾ ਸੰਭਾਲ ਲਿਆ ਹੈ।
ਦੱਸ ਦੇਈਏ ਕਿ ਸਾਲ 1993 ਵਿਚ ਇੰਡੀਅਨ ਕੋਸਟ ਗਾਰਡ ਵਿਚ ਬਤੌਰ ਤਕਨੀਕੀ ਕੇਡਰ ਭਰਤੀ ਹੋਏ ਐੱਚ.ਪੀ. ਸਿੰਘ ਮੂਲ ਰੂਪ ਵਿਚ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਇਲਾਵਾ ਪੁਣੇ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਵੀ ਹਾਸਲ ਕੀਤੀ ਸੀ।
ਐੱਚ.ਪੀ. ਸਿੰਘ ਡਿਫੈਂਸ ਇੰਸਟੀਚਿਊਟ ਆਫ ਐਡਵਾਂਸਮੈਂਟ ਟੈਕਨਾਲੋਜੀ, ਪੁਣੇ ਦੇ ਸਾਬਕਾ ਵਿਦਿਆਰਥੀ ਹਨ। ਉਹ ਆਈ.ਸੀ.ਜੀ. ਵਿਚ ਪ੍ਰਿੰਸੀਪਲ ਡਾਇਰੈਕਟਰ (ਫਲੀਟ ਮੋਂਟੇਨੈਂਸ) ਰਹਿ ਚੁੱਕੇ ਹਨ। ਉਨ੍ਹਾਂ ਕੋਲ ਜਹਾਜ਼ ਨਿਰਮਾਣ ਦੇ ਨਾਲ-ਨਾਲ ਆਈ. ਸੀ. ਜੀ. ਬੇੜੇ ਦੇ ਰੱਖ-ਰਖਾਅ ਦੇ ਖੇਤਰ ਵਿਚ ਵਿਆਪਕ ਤਜਰਬਾ ਹੈ।