
ਰਵਨੀਤ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਗੂਗਲ, ਵਟਸਐਪ, ਫੇਸਬੁੱਕ ਅਤੇ ਐਮਾਜ਼ਾਨ ਵਰਗੀਆਂ ਵੱਡੀਆਂ ਕੰਪਨੀਆਂ ਦੇ ਤਕਨੀਕੀ ਮਾਮਲੇ ਸੀਸੀਆਈ ਕੋਲ ਪੈਂਡਿੰਗ ਹਨ
ਨਵੀਂ ਦਿੱਲੀ : ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਨੂੰ ਪਹਿਲੀ ਵਾਰ ਮਹਿਲਾ ਚੇਅਰਪਰਸਨ ਮਿਲੀ ਹੈ। ਪੰਜਾਬ ਕੇਡਰ ਦੀ 1988 ਬੈਚ ਦੀ ਅਧਿਕਾਰੀ ਰਵਨੀਤ ਕੌਰ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਸੀਸੀਆਈ ਦੇ ਸਾਬਕਾ ਚੇਅਰਮੈਨ ਅਸ਼ੋਕ ਗੁਪਤਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਕਤੂਬਰ 2022 ਤੋਂ ਇਹ ਅਹੁਦਾ ਖਾਲੀ ਪਿਆ ਸੀ।
ਦੱਸ ਦੇਈਏ ਕਿ ਰਵਨੀਤ ਕੌਰ ਇਸ ਸਮੇਂ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ’ਚ ਵਿਸ਼ੇਸ਼ ਮੁੱਖ ਸਕੱਤਰ ਅਤੇ ਵਿੱਤੀ ਸਲਾਹਕਾਰ ਵਜੋਂ ਕੰਮ ਕਰ ਰਹੀ ਹੈ। ਰਵਨੀਤ ਕੌਰ ਦੇ ਅਹੁਦੇ 'ਤੇ ਰਹਿੰਦਿਆਂ ਸੀ.ਸੀ.ਆਈ. ਵਿਚ ਇੱਕ ਅਸਾਮੀ ਮਿਲੀ ਹੈ। ਰਵਨੀਤ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਗੂਗਲ, ਵਟਸਐਪ, ਫੇਸਬੁੱਕ ਅਤੇ ਐਮਾਜ਼ਾਨ ਵਰਗੀਆਂ ਵੱਡੀਆਂ ਕੰਪਨੀਆਂ ਦੇ ਤਕਨੀਕੀ ਮਾਮਲੇ ਸੀਸੀਆਈ ਕੋਲ ਪੈਂਡਿੰਗ ਹਨ।
ਸੀਸੀਆਈ ਨੂੰ ਲਗਭਗ 200 ਕੇਸਾਂ ਨਾਲ ਵੀ ਨਜਿੱਠਣਾ ਹੈ ਜੋ ਦਸੰਬਰ ਵਿਚ ਨੈਸ਼ਨਲ ਐਂਟੀ-ਪ੍ਰੋਫਿਟੀਅਰਿੰਗ ਅਥਾਰਟੀ ਤੋਂ ਕਮਿਸ਼ਨ ਨੂੰ ਟਰਾਂਸਫਰ ਕੀਤੇ ਗਏ ਹਨ।
ਚੇਅਰਪਰਸਨ ਦਾ ਅਹੁਦਾ ਖ਼ਾਲੀ ਹੋਣ ਕਾਰਨ ਸੀਸੀਆਈ ਵਿਚ ਕੋਰਮ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਕੰਮਕਾਜ ਪ੍ਰਭਾਵਿਤ ਹੋਇਆ। ਇਸ ਨਾਲ ਮੁਨਾਫਾਖੋਰੀ ਵਿਰੋਧੀ ਅਤੇ ਦਬਦਬਾ ਦੀ ਦੁਰਵਰਤੋਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਚੁਕੇ ਜਾ ਰਹੇ ਕਦਮਾਂ ਨੂੰ ਰੋਕਿਆ ਗਿਆ। ਕੋਰਮ ਪੂਰਾ ਹੋਣ ਦੇ ਨਾਲ ਸੀਸੀਆਈ ਵੱਡੀਆਂ ਤਕਨੀਕੀ ਕੰਪਨੀਆਂ ਦੇ ਖ਼ਿਲਾਫ਼ ਸ਼ਿਕਾਇਤਾਂ ਸਮੇਤ ਕਈ ਲੰਬਿਤ ਸ਼ਿਕਾਇਤਾਂ 'ਤੇ ਤੇਜ਼ੀ ਨਾਲ ਅੱਗੇ ਵਧਣਾ ਚਾਹੇਗਾ।
ਰਵਨੀਤ ਕੌਰ ਬਰਮਿੰਘਮ ਯੂਨੀਵਰਸਿਟੀ, ਯੂਕੇ ਤੋਂ ਅਰਥ ਸ਼ਾਸਤਰ ਅਤੇ ਵਿੱਤ ਵਿਚ ਪੋਸਟ ਗ੍ਰੈਜੂਏਟ ਹੈ। ਉਹ ਸੀਸੀਆਈ ਦੀ ਪੰਜਵੀਂ ਚੇਅਰਪਰਸਨ ਹੋਵੇਗੀ। ਉਸ ਨੇ ਆਪਣੇ 29 ਸਾਲਾਂ ਦੇ ਲੰਬੇ ਕਾਰਜਕਾਲ ਦੌਰਾਨ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਉਦਯੋਗਿਕ ਨੀਤੀ ਅਤੇ ਤਰੱਕੀ ਵਿਭਾਗ ਵਿਚ ਸੰਯੁਕਤ ਸਕੱਤਰ ਵਜੋਂ ਸੇਵਾ ਕੀਤੀ। ਇਸ ਤੋਂ ਪਹਿਲਾਂ, ਉਹ ਭਾਰਤੀ ਸੈਰ-ਸਪਾਟਾ ਵਿਕਾਸ ਨਿਗਮ (ਆਈ.ਟੀ.ਡੀ.ਸੀ.) ਦੀ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ (ਐਮਡੀ) ਸੀ।
ਉਸ ਨੇ ਪੰਜਾਬ ਸਰਕਾਰ ਵਿਚ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਕੈਬਨਿਟ, ਤਾਲਮੇਲ ਅਤੇ ਸੰਸਦੀ ਮਾਮਲਿਆਂ ਦੇ ਵਿਭਾਗ ਵਿਚ ਕੰਮ ਕੀਤਾ ਹੈ। ਆਪਣੇ ਕਾਰਜਕਾਲ ਦੇ ਸ਼ੁਰੂਆਤੀ ਸਾਲਾਂ ਵਿਚ, ਉਨ੍ਹਾਂ ਨੇ ਵਿੱਤੀ ਸੇਵਾਵਾਂ ਵਿਭਾਗ, ਆਰਥਿਕ ਮਾਮਲਿਆਂ ਦੇ ਵਿਭਾਗ ਅਤੇ ਵਿਨਿਵੇਸ਼ ਵਿਭਾਗ ਵਿਚ ਕੰਮ ਕੀਤਾ ਹੈ।
ਉਨ੍ਹਾਂ ਨੇ ਪੰਜਾਬ ਕਮਿਊਨੀਕੇਸ਼ਨਜ਼ ਲਿਮਟਿਡ ਵਿਚ ਵਾਈਸ ਚੇਅਰਪਰਸਨ ਅਤੇ ਐਮਡੀ, ਐਗਜ਼ਿਮ ਬੈਂਕ ਵਿਚ ਸੀਐਮਡੀ, ਇੰਡੀਆ ਇਨਫਰਾਸਟ੍ਰਕਚਰ ਫਾਈਨਾਂਸ ਕੰਪਨੀ ਲਿਮਟਿਡ ਵਿਚ ਸੀਐਮਡੀ, ਮਾਰਕਫੈੱਡ ਵਿਚ ਐਡੀਸ਼ਨ ਐਮਡੀ ਦੇ ਰੂਪ ਵਿਚ ਕਈ ਹੋਰ ਅਹੁਦਿਆਂ 'ਤੇ ਵੀ ਕੰਮ ਕੀਤਾ ਹੈ। ਉਹ ਵਾਸ਼ਿੰਗਟਨ ਵਿਚ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਵਿਚ ਸਲਾਹਕਾਰ ਵੀ ਰਹਿ ਚੁੱਕੀ ਹੈ।