
ਪ੍ਰਵਾਰ ਤੋਂ ਮੰਗੀ ਸੀ 6 ਲੱਖ ਰੁਪਏ ਦੀ ਫਿਰੌਤੀ, ਮੁਲਜ਼ਮ ਨੇ ਪੁਲਿਸ ਕੋਲ ਕਬੂਲਿਆ ਜੁਰਮ
ਜੁਵੇਨਾਇਲ ਕੋਰਟ ਨੇ ਬਾਲ ਸੁਧਾਰ ਘਰ ਭੇਜਿਆ
ਸੋਨੀਪਤ : ਹਰਿਆਣਾ ਦੇ ਸੋਨੀਪਤ 'ਚ 11ਵੀਂ ਜਮਾਤ ਦੇ ਵਿਦਿਆਰਥੀ ਨੇ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿਤਾ ਹੈ। ਦਸ ਦੇਈਏ ਕਿ ਉਕਤ ਵਿਦਿਆਰਥੀ ਨੇ ਅਪਣੇ ਹੀ ਸਕੂਲ 'ਚ ਪੜ੍ਹਦੇ 4ਵੀਂ ਜਮਾਤ ਦੇ ਵਿਦਿਆਰਥੀ ਨੂੰ ਪਹਿਲਾਂ ਅਗਵਾ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿਤਾ। ਦੋਸ਼ੀ ਦੀ ਉਮਰ ਮਹਿਜ਼ 16 ਸਾਲ ਦੱਸੀ ਜਾ ਰਹੀ ਹੈ। ਜਦਕਿ ਕਤਲ ਕੀਤੇ ਗਏ ਬੱਚੇ ਦੀ ਉਮਰ ਸਾਢੇ ਅੱਠ ਸਾਲ ਸੀ। ਦੋਵੇਂ ਗੁਆਂਢੀ ਵੀ ਸਨ।
ਇਹ ਘਟਨਾ ਸੋਨੀਪਤ ਦੇ ਹਾਈਰਾਈਜ਼ ਅਪਾਰਟਮੈਂਟ ਟੀ.ਡੀ.ਆਈ. ਐਸਪਾਨੀਆ ਵਿਚ ਵਾਪਰੀ। ਬੱਚੇ ਦੀ ਲਾਸ਼ ਉਸੇ ਇਮਾਰਤ ਦੇ ਬੇਸਮੈਂਟ ਵਿਚ ਪਾਣੀ ਦੀ ਟੰਕੀ 'ਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਅਰਜਿਤ ਉਰਫ਼ ਹਨੂ ਵਜੋਂ ਹੋਈ ਹੈ। ਉਸ ਦੇ ਪਿਤਾ ਅਜੀਤ ਤ੍ਰਿਪਾਠੀ ਸੋਨੀਪਤ ਵਿਚ ਪੇ.ਟੀ.ਐਮ. ਦੇ ਏਰੀਆ ਸੇਲਜ਼ ਮੈਨੇਜਰ ਹਨ। ਸੋਮਵਾਰ ਸ਼ਾਮ ਨੂੰ ਉਨ੍ਹਾਂ ਨੂੰ ਅਪਣੇ ਪੁੱਤਰ ਦੇ ਅਗਵਾ ਹੋਣ ਦਾ ਪਤਾ ਲੱਗਾ। ਘਰ 'ਚੋਂ 6 ਲੱਖ ਦੀ ਫਿਰੌਤੀ ਦਾ ਪੱਤਰ ਵੀ ਮਿਲਿਆ ਹੈ। ਰਾਤੋ ਰਾਤ 4 ਲੱਖ ਰੁਪਏ ਦਾ ਇੰਤਜ਼ਾਮ ਵੀ ਕੀਤਾ ਪਰ ਹਨੂ ਦੀ ਲਾਸ਼ ਸਵੇਰੇ 4 ਵਜੇ ਦੇ ਕਰੀਬ ਮਿਲੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਜਲੰਧਰ ਵਾਸੀਆਂ ਲਈ ਵੱਡਾ ਤੋਹਫ਼ਾ, ਵਿਕਾਸ ਕਾਰਜਾਂ ਲਈ 100 ਕਰੋੜ ਰੁਪਏ ਤੋਂ ਵੱਧ ਗਰਾਂਟ ਰਾਸ਼ੀ ਦੇਣ ਦਾ ਐਲਾਨ
ਮੰਗਲਵਾਰ ਨੂੰ ਜਾਂਚ ਦੌਰਾਨ ਹਨੂ ਨੂੰ ਆਖ਼ਰੀ ਵਾਰ ਬਿਲਡਿੰਗ ਦੇ ਸੀ.ਸੀ.ਟੀ.ਵੀ. ਫੁਟੇਜ 'ਚ ਦੋਸ਼ੀ ਨਾਲ ਦੇਖਿਆ ਗਿਆ ਸੀ। ਇਸ 'ਤੇ ਸੋਨੀਪਤ ਦੇ ਬਹਿਲਗੜ੍ਹ ਥਾਣੇ ਦੀ ਪੁਲਿਸ ਨੇ ਨਾਬਾਲਗ ਦੋਸ਼ੀ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ।
ਜਦੋਂ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਅਗਵਾ ਅਤੇ ਕਤਲ ਦੀ ਗੱਲ ਕਬੂਲੀ। ਉਸ ਨੇ ਦਸਿਆ ਕਿ ਉ ਸਨੇ ਸੋਮਵਾਰ ਨੂੰ ਹੀ ਕਤਲ ਨੂੰ ਅੰਜਾਮ ਦਿਤਾ ਸੀ। ਇਸ ਤੋਂ ਬਾਅਦ ਘਰ ਆ ਕੇ ਖਾਣਾ ਖਾਧਾ ਅਤੇ ਫਿਰੌਤੀ ਦੀ ਚਿੱਠੀ ਲਿਖ ਕੇ ਹਨੂ ਦੇ ਘਰ ਲੈ ਆਇਆ।
ਮੁਲਜ਼ਮ ਨੇ ਦਸਿਆ ਕਿ ਉਸ ਦਾ ਪਿਤਾ ਦਿਮਾਗ਼ੀ ਤੌਰ ’ਤੇ ਬਿਮਾਰ ਹੈ, ਜਿਸ ਕਾਰਨ ਘਰ ਦਾ ਖ਼ਰਚਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਜੇਬ ਖ਼ਰਚ ਲਈ ਵੀ ਪੈਸੇ ਨਹੀਂ ਮਿਲ ਰਹੇ ਸਨ, ਇਸ ਲਈ ਇਹ ਖ਼ੌਫ਼ਨਾਕ ਕਦਮ ਚੁਕਿਆ। ਮੁਲਜ਼ਮ ਨੇ ਦਸਿਆ ਕਿ ਉਸ ਨੂੰ ਸੀ.ਆਈ.ਡੀ. ਦਾ ਸੀਰੀਅਲ ਦੇਖ ਕੇ ਕਤਲ ਦਾ ਖ਼ਿਆਲ ਆਇਆ।ਪੁਲਿਸ ਨੇ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਦੋਸ਼ੀ ਨੂੰ ਬਾਲ ਘਰ ਭੇਜ ਦਿਤਾ ਹੈ। 18 ਸਾਲ ਦੀ ਉਮਰ ਤਕ ਉਹ ਬਾਲ ਘਰ ਵਿਚ ਰਹੇਗਾ, ਫਿਰ ਉਸ ਨੂੰ ਜੇਲ ਭੇਜ ਦਿਤਾ ਜਾਵੇਗਾ।