
ਵਿਭਵ ਕੁਮਾਰ ਖਿਲਾਫ ਮਾਮਲਾ ਦਰਜ
Swati Maliwal : ਦਿੱਲੀ CM ਹਾਊਸ ਦੇ ਅੰਦਰ ਸਵਾਤੀ ਮਾਲੀਵਾਲ ਨਾਲ ਹੋਈ ਕੁੱਟਮਾਰ ਤੋਂ ਬਾਅਦ ਸਟਾਫ਼ ਨਾਲ ਉਸਦੀ ਬਹਿਸ ਦਾ ਵੀਡੀਓ ਸਾਹਮਣੇ ਆਇਆ ਹੈ। ਹਾਲਾਂਕਿ ਅਸੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੰਦਰ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਸਵਾਤੀ ਮਾਲੀਵਾਲ ਅਤੇ ਮੁੱਖ ਮੰਤਰੀ ਨਿਵਾਸ ਦੇ ਅੰਦਰ ਤੈਨਾਤ ਸਟਾਫ਼ ਕਰਮੀ ਨਜ਼ਰ ਆ ਰਹੇ ਹਨ। ਸਟਾਫ਼ ਦੇ ਦੋ ਮੁਲਾਜ਼ਮਾਂ ਅਤੇ ਸਵਾਤੀ ਮਾਲੀਵਾਲ ਵਿਚਕਾਰ ਤਿੱਖੀ ਬਹਿਸ ਹੋ ਰਹੀ ਹੈ। ਉਹ ਸਵਾਤੀ ਮਾਲੀਵਾਲ ਨੂੰ ਬਾਹਰ ਜਾਣ ਲਈ ਕਹਿ ਰਹੇ ਹਨ। ਸਵਾਤੀ ਮਾਲੀਵਾਲ ਗੁੱਸੇ ਵਿੱਚ ਹੈ ਅਤੇ ਪੁਲਿਸ ਨੂੰ ਬੁਲਾਉਣ ਦੀ ਗੱਲ ਕਰ ਰਹੀ ਹੈ।
ਸਵਾਤੀ ਮਾਲੀਵਾਲ ਨੇ ਅਦਾਲਤ ਵਿੱਚ ਦਰਜ ਕਰਵਾਇਆ ਆਪਣਾ ਬਿਆਨ
ਦੱਸ ਦੇਈਏ ਕਿ ਸਵਾਤੀ ਮਾਲੀਵਾਲ ਨੇ ਅੱਜ ਤੀਸ ਹਜ਼ਾਰੀ ਅਦਾਲਤ 'ਚ ਧਾਰਾ 164 ਤਹਿਤ ਆਪਣਾ ਬਿਆਨ ਦਰਜ ਕਰਵਾਇਆ ਹੈ। ਜਦੋਂ ਉਹ ਅਦਾਲਤ ਪਹੁੰਚੀ ਤਾਂ ਕਾਰ 'ਚੋਂ ਉਤਰ ਕੇ ਉਹ ਲੰਗੜਾ ਕੇ ਚਲਦੇ ਦੇਖੀ ਗਈ। ਇਸ ਮਾਮਲੇ ਦੀ ਐਫਆਈਆਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਸ ਦੇ ਬਿਆਨ ਦਰਜ ਹਨ। ਕੱਲ੍ਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ 3 ਅਧਿਕਾਰੀ ਸਵਾਤੀ ਮਾਲੀਵਾਲ ਨੂੰ ਮਿਲਣ ਲਈ ਉਸ ਦੇ ਘਰ ਪਹੁੰਚੇ ਸਨ। ਕਰੀਬ 3 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ।
ਵਿਭਵ ਕੁਮਾਰ ਖਿਲਾਫ ਮਾਮਲਾ ਦਰਜ
ਦਿੱਲੀ ਪੁਲਿਸ ਨੇ ਵਿਭਵ ਕੁਮਾਰ ਦੇ ਖਿਲਾਫ ਆਈਪੀਸੀ ਦੀ ਧਾਰਾ 323 (ਜਾਣਬੁੱਝ ਕੇ ਸੱਟ ਪਹੁੰਚਾਉਣ), 354 (ਕਿਸੇ ਔਰਤ ਨਾਲ ਉਸ ਦੀ ਮਰਿਆਦਾ ਭੰਗ ਕਰਨ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਿਕ ਜ਼ਬਰਦਸਤੀ), 506 (ਅਪਰਾਧਿਕ ਧਮਕੀ) ਅਤੇ 509 ( ਔਰਤ ਦੀ ਨਿਮਰਤਾ ਦਾ ਅਪਮਾਨ ਕਰਨਾ ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ 'ਆਪ' ਸੰਸਦ ਸਵਾਤੀ ਮਾਲੀਵਾਲ ਨੇ ਰਿਸ਼ਵ ਕੁਮਾਰ 'ਤੇ ਵਾਰ-ਵਾਰ ਥੱਪੜ ਮਾਰਨ ਅਤੇ ਪੇਟ 'ਚ ਮੁੱਕਾ ਮਾਰਨ ਦਾ ਦੋਸ਼ ਲਗਾਇਆ ਹੈ।
ਸਵਾਤੀ ਮਾਲੀਵਾਲ 'ਤੇ 13 ਮਈ ਨੂੰ ਹੋਇਆ ਸੀ ਹਮਲਾ
ਦੱਸ ਦੇਈਏ ਕਿ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ 'ਤੇ ਬਦਸਲੂਕੀ , ਗਾਲੀ ਗਲੋਚ ਅਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਇਹ ਘਟਨਾ 13 ਮਈ ਦੀ ਹੈ। ਮਾਮਲਾ ਉਨ੍ਹਾਂ ਦੇ ਧਿਆਨ 'ਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਵਾਤੀ ਮਾਲੀਵਾਲ ਉਸ ਨੂੰ ਮਿਲਣ ਆਈ ਸੀ ਅਤੇ ਕੁੱਟਮਾਰ ਦਾ ਸ਼ਿਕਾਰ ਹੋ ਗਈ। ਇਸ ਮੁੱਦੇ 'ਤੇ ਦਿੱਲੀ ਦੀ ਸਿਆਸਤ ਗਰਮਾ ਗਈ ਹੈ।
ਮਹਿਲਾ ਕਮਿਸ਼ਨ ਨੇ ਵੀ ਦਿੱਤਾ ਨੋਟਿਸ
ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਕੱਲ੍ਹ ਵਿਭਵ ਕੁਮਾਰ ਨੂੰ ਸੰਮਨ ਜਾਰੀ ਕੀਤਾ ਸੀ। ਸਵਾਤੀ ਮਾਲੀਵਾਲ 'ਤੇ ਹੋਏ ਹਮਲੇ ਦੇ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਕਮਿਸ਼ਨ ਨੇ ਵਿਭਵ ਨੂੰ ਅੱਜ 17 ਮਈ ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਸੀ। ਦਰਅਸਲ, 13 ਮਈ ਨੂੰ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਗਈ ਸੀ। ਸਵਾਤੀ ਮਾਲੀਵਾਲ ਨੇ ਵਿਭਵ ਕੁਮਾਰ 'ਤੇ ਬਦਸਲੂਕੀ , ਗਾਲੀ ਗਲੋਚ ਅਤੇ ਕੁੱਟਮਾਰ ਦੇ ਦੋਸ਼ ਲਗਾਏ ਹਨ।